ਪੰਜਾਬ ਤੇ ਆਸਾਮ ਵਿਚ ਕੈਂਸਰ ਇੰਸਟੀਚਿਊਟ ਸਥਾਪਤ: ਚੌਬੇ
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਰਜਨਾਂ ਨਵੀਆਂ ਸਿਹਤ ਸਕੀਮਾਂ ਦਾ ਵੇਰਵਾ ਦਿੰਦਿਆਂ ਦਸਿਆ ਕਿ ਪੰਜਾਬ, ਬਿਹਾ ਅਤੇ ਆਸਾਮ ਵਿਚ ਕੈਂਸਰ ...
ਚੰਡੀਗੜ੍ਹ, 17 ਮਈ (ਜੀ.ਸੀ. ਭਾਰਦਵਾਜ): ਨੈਸ਼ਨਲ ਹੈਲਥ ਮਿਸ਼ਨ ਤਹਿਤ ਕੇਂਦਰੀ ਸਕੀਮਾਂ ਦਾ ਜਾਇਜ਼ਾ ਲੈਣ ਲਈ ਦੋ ਦਿਨਾਂ ਦੌਰੇ 'ਤੇ ਇਥੇ ਆਏ ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਦਸਿਆ ਕਿ ਨਿਜੀ ਹਸਪਤਾਲਾਂ ਵਲੋਂ ਮਰੀਜ਼ਾਂ ਦੀ ਲੁੱਟ ਨੂੰ ਰੋਕਿਆ ਜਾ ਰਿਹਾ ਹੈ, ਦਵਾਈਆਂ ਦੀਆਂ ਕੀਮਤਾਂ ਹੇਠਾਂ ਲਿਆਉਣ ਲਈ ਮੁਕਾਬਲੇ 'ਤੇ ਜਨ ਔਸ਼ਧੀ ਕੇਂਦਰ ਖੋਲ੍ਹੇ ਹਨ ਅਤੇ ਸਰਕਾਰੀ ਹਸਪਤਾਲਾਂ ਦੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ ਗਿਆ ਹੈ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਰਜਨਾਂ ਨਵੀਆਂ ਸਿਹਤ ਸਕੀਮਾਂ ਦਾ ਵੇਰਵਾ ਦਿੰਦਿਆਂ ਦਸਿਆ ਕਿ ਪੰਜਾਬ, ਬਿਹਾ ਅਤੇ ਆਸਾਮ ਵਿਚ ਕੈਂਸਰ ਰੋਗੀਆਂ ਦੇ ਇਲਾਜ ਅਤੇ ਬੀਮਾਰੀ ਦੀ ਪਰਖ ਤੇ ਪੜਤਾਲ ਕਰਨ ਲਈ ਕੈਂਸਰ ਇੰਸਟੀਚਿਊਟ ਸਥਾਪਤ ਕੀਤੇ ਜਾ ਰਹੇ ਹਨ ਜਿਨ੍ਹਾਂ ਲਈ ਮੁੰਬਈ ਦੇ ਟਾਟਾ ਸੰਸਥਾਨ ਦੀ ਮਦਦ ਲਈ ਗਈ ਹੈ। ਦੇਸ਼ ਦੇ ਦਿਹਾਤੀ ਖੇਤਰ ਜਿਥੇ 70 ਫ਼ੀ ਸਦੀ ਆਬਾਦੀ ਰਹਿ ਰਹੀ ਹੈ, ਦੀ ਸਿਹਤ ਸੰਭਾਲ ਲਈ 1,50,000 ਵੈਲਨੈਸ ਸੈਂਟਰ ਬਣਾਉਣ ਦਾ ਵੇਰਵਾ ਦਿੰਦਿਆਂ ਉਨ੍ਹਾਂ ਦਸਿਆ ਕਿ ਸੂਬਾ ਸਰਕਾਰਾਂ ਦੀ ਮਦਦ ਨਾਲ ਮੁਢਲੇ ਸਿਹਤ ਕੇਂਦਰਾਂ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ 40 ਫ਼ੀ ਸਦੀ ਗ਼ਰੀਬ ਆਬਾਦੀ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 10 ਕਰੋੜ 77 ਲੱਖ ਪਰਵਾਰਾਂ ਦੇ 55 ਕਰੋੜ ਵਿਅਕਤੀਆਂ ਲਈ ਸਿਹਤ ਬੀਮੇ ਦੀ ਯੋਜਨਾ ਲਾਗੂ ਕੀਤੀ ਗਈ ਹੈ। ਇਸ ਸਕੀਮ ਹੇਠ ਪ੍ਰਤੀ ਜੀਅ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਹੋਵੇਗਾ, ਬੀਮਾਰੀ ਦੇ ਇਲਾਜ ਲਈ ਇਹ ਰਕਮ ਬੀਮਾ ਕੰਪਨੀ ਰਾਹੀਂ ਖ਼ਰਚ ਕੀਤੀ ਜਾਵੇਗੀ।
ਸਵਾਲਾਂ ਦੇ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਪਿਛਲੇ ਸਾਲ 54 ਨਵੇਂ ਮੈਡੀਕਲ ਕਾਲਜ ਖੋਲ੍ਹਣ ਦੀ ਪ੍ਰਵਾਨਗੀ ਦਿਤੀ ਸੀ, ਇਸ ਸਾਲ 24 ਹੋਰ ਸਥਾਪਤ ਕੀਤੇ ਜਾਣਗੇ ਅਤੇ 49000 ਮੈਡੀਕਲ ਸੀਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ 33000 ਐਮ ਡੀ ਦੀਆਂ ਸੀਟਾਂ ਯਾਨੀ ਪੋਸਟ ਗ੍ਰੈਜੂਏਟ ਡਿਗਰੀ ਦਾਖ਼ਲੇ ਦਾ ਪ੍ਰਬੰਧ ਕੀਤਾ ਗਿਆ ਹੈ।