ਰਮਜ਼ਾਨ ਦੌਰਾਨ ਗੋਲੀਬੰਦੀ : ਘਾਟੀ ਦੇ ਜ਼ਿਆਦਾਤਰ ਲੋਕਾਂ ਨੂੰ ਸਰਕਾਰ 'ਤੇ ਨੀਅਤ 'ਤੇ ਸ਼ੱਕ
ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਮੁਸਲਮਾਨਾਂ ਵਿਚ ਇਸ ਪਵਿੱਤਰ ਮਹੀਨੇ ਦੀ ਕਾਫ਼ੀ ਅਹਿਮੀਅਤ ਹੈ। ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ...
ਨਵੀਂ ਦਿੱਲੀ : ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਮੁਸਲਮਾਨਾਂ ਵਿਚ ਇਸ ਪਵਿੱਤਰ ਮਹੀਨੇ ਦੀ ਕਾਫ਼ੀ ਅਹਿਮੀਅਤ ਹੈ। ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀਤੇ ਦਿਨ ਐਲਾਨ ਕੀਤਾ ਕਿ ਜੰਮੂ ਕਸ਼ਮੀਰ ਵਿਚ ਰਮਜ਼ਾਨ ਦੇ ਮਹੀਨੇ ਦੌਰਾਨ ਅਤਿਵਾਦੀਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਰਾਜਨਾਥ ਸਿੰਘ ਵਲੋਂ ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਸ਼ਮੀਰ ਦੌਰੇ ਤੋਂ ਦੋ ਦਿਨ ਪਹਿਲਾਂ ਕੀਤਾ ਗਿਆ ਹੈ।
ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਫ਼ੈਸਲਾ ਰਮਜ਼ਾਨ ਦੌਰਾਨ ਘਾਟੀ ਵਿਚ ਮੁਸਲਮਾਨਾਂ ਨੂੰ ਸ਼ਾਂਤਮਈ ਮਾਹੌਲ ਮੁਹੱਈਆ ਕਰਵਾਉਣ ਲਈ ਲਿਆ ਗਿਆ ਹੈ। ਗ੍ਰਹਿ ਮੰਤਰਾਲੇ ਨੇ ਇਕ ਟਵੀਟ ਰਾਹੀਂ ਅਪਣੇ ਇਸ ਫ਼ੈਸਲੇ ਦੀ ਜਾਣਕਾਰੀ ਦਿਤੀ ਹੈ। ਭਾਵੇਂ ਕਿ ਗ੍ਰਹਿ ਮੰਤਰਾਲੇ ਵਲੋਂ ਲਿਆ ਗਿਆ ਫ਼ੈਸਲਾ ਕਾਫ਼ੀ ਸ਼ਲਾਘਾਯੋਗ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਤੋਂ ਉਥੇ ਸ਼ਾਂਤੀ ਸਥਾਪਿਤ ਹੋ ਸਕੇਗੀ?
ਗ੍ਰਹਿ ਮੰਤਰਾਲੇ ਦੇ ਇਸ ਐਲਾਨ ਤੋਂ ਬਾਅਦ ਲਸ਼ਕਰ ਅਤਿਵਾਦੀਆਂ ਨੇ ਕਿਹਾ ਹੈ ਕਿ ਉਹ ਰਮਜ਼ਾਨ ਦੌਰਾਨ ਵੀ ਅਪਣੀਆਂ ਕਾਰਵਾਈਆਂ ਜਾਰੀ ਰੱਖਣਗੇ। ਇਸ ਐਲਾਨ ਦੇ ਕੁਝ ਦਿਨ ਪਹਿਲਾਂ ਤਕ ਕਸ਼ਮੀਰ ਵਿਚ ਭਾਰੀ ਹਿੰਸਾ ਹੋਈ ਅਤੇ ਕਈ ਲੋਕਾਂ ਦੀਆਂ ਹੱਤਿਆਵਾਂ ਹੋਈਆਂ। ਸੂਬੇ ਦੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਇਨ੍ਹਾਂ ਘਟਨਾਵਾਂ ਦੇ ਚਲਦਿਆਂ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਸੀ, ਜਿਸ ਵਿਚ ਮੁਫ਼ਤੀ ਸਮੇਤ ਕਈ ਵਿਰੋਧੀ ਦਲਾਂ ਨੇ ਕੇਂਦਰ ਸਰਕਾਰ ਨੂੰ 'ਆਪਰੇਸ਼ਨ ਆਲ ਆਊਟ' ਰੋਕਣ ਦੀ ਅਪੀਲ ਕੀਤੀ ਸੀ।
ਦਸ ਦਈਏ ਕਿ ਫ਼ੌਜ ਨੇ ਪਿਛਲੇ ਕਾਫ਼ੀ ਸਮੇਂ ਤੋਂ ਘਾਟੀ ਵਿਚ ਅਤਿਵਾਦੀਆਂ ਦੇ ਖ਼ਾਤਮੇ ਲਈ ਆਪਰੇਸ਼ਨ ਆਲ ਆਊਟ ਸ਼ੁਰੂ ਕੀਤਾ ਹੋਇਆ ਹੈ, ਜਿਸ ਦੇ ਤਹਿਤ ਘੱਟੋ-ਘੱਟ 200 ਕੱਟੜਪੰਥੀ ਮਾਰੇ ਜਾ ਚੁੱਕੇ ਹਨ। ਹਾਲਾਂਕਿ ਇਸ ਐਲਾਨ ਵਿਚ ਇਹ ਸਾਫ਼ ਕਰ ਦਿਤਾ ਗਿਆ ਸੀ ਕਿ ਹਮਲਾ ਹੋਣ 'ਤੇ ਜਾਂ ਲੋਕਾਂ ਦੀ ਜਾਨ ਬਚਾਉਣ ਲਈ ਜਵਾਬੀ ਕਾਰਵਾਈ ਦਾ ਅਧਿਕਾਰ ਫ਼ੌਜ ਅਪਣੇ ਕੋਲ ਸੁਰੱਖਿਅਤ ਰੱਖੇਗੀ।
ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਉਮਰ ਅਬਦੁੱਲਾ ਦਾ ਕਹਿਣਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਭਾਜਪਾ ਨੂੰ ਛੱਡ ਕੇ, ਜੋ ਇਸ ਦਾ ਵਿਰੋਧ ਕਰਦੀ ਰਹੀ ਹੈ, ਦੀ ਮੰਗ 'ਤੇ ਕੇਂਦਰ ਨੇ ਇੱਕਪਾਸੜ ਸੀਜ਼ਫਾਇਰ ਦਾ ਐਲਾਨ ਕੀਤਾ ਹੈ। ਜੇਕਰ ਕੱਟੜਪੰਥੀ ਹੁਣ ਨਰਮ ਰੁਖ਼ ਨਹੀਂ ਅਪਣਾਉਂਦੇ ਤਾਂ ਇੱਥੋਂ ਦੇ ਲੋਕਾਂ ਦੇ ਅਸਲ ਦੁਸ਼ਮਣ ਸਾਬਤ ਹੋਣਗੇ।" ਉਨ੍ਹਾਂ ਪ੍ਰਤੀਕਿਰਿਆ ਦਿੰਦਿਆਂ ਟਵਿੱਟਰ 'ਤੇ ਲਿਖਿਆ, "ਕੇਂਦਰ ਨੇ ਇਸ ਦਾ ਨਾਮ ਨਾਨ-ਇਨੀਸ਼ੀਏਟਿਵ ਆਫ ਕੰਬੈਟ ਆਪਰੇਸ਼ਨ ਦਿਤਾ ਹੈ।
ਉਧਰ ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਆਲ ਪਾਰਟੀ ਮੀਟਿੰਗ ਵਿਚ ਵਿਰੋਧੀ ਦਲਾਂ ਦੀ ਹਿੱਸੇਦਾਰੀ ਦੀ ਵੀ ਸ਼ਲਾਘਾ ਕੀਤੀ। ਮਹਿਬੂਬਾ ਸਣੇ ਦੂਜੇ ਨੇਤਾਵਾਂ ਨੇ ਵਾਜਪਈ ਦੇ ਸਮੇਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨਾਲ ਉਨ੍ਹਾਂ ਲਈ ਸਿਧਾਂਤ "ਡਾਕਟਰਿਨ ਆਫ਼ ਪੀਸ" ਦੀ ਪਾਲਣਾ ਕਰਨ ਦੀ ਗੱਲ ਆਖੀ।
ਕੁੱਝ ਕਸ਼ਮੀਰੀ ਕਹਿੰਦੇ ਹਨ ਕਿ ਉਹ ਗੋਲੀਬੰਦੀ ਦੇ ਐਲਾਨ ਤੋਂ ਖ਼ੁਸ਼ ਹਨ ਪਰ ਉਨ੍ਹਾਂ ਨੂੰ ਅਤੇ ਹੋਰ ਲੋਕਾਂ ਨੂੰ ਸਰਕਾਰ ਦੇ ਇਸ ਫ਼ੈਸਲੇ 'ਤੇ ਯਕੀਨ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਨੂੰ ਠੀਕ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਇਸ ਦੇ ਵਧੀਆ ਸਿੱਟੇ ਦੇਖਣ ਨੂੰ ਮਿਲ ਸਕਦੇ ਹਨ। ਇਕ ਕੈਬ ਡਰਾਈਵਰ ਫਾਰੂਕ ਅਹਿਮਦ ਦਾ ਕਹਿਣਾ ਹੈ ਕਿ ਇਕ ਹਮਲਾ ਹੋਵਗਾ ਅਤੇ ਇਹ ਐਲਾਨ ਮੂਧੇ-ਮੂੰਹ ਡਿਗੇਗਾ।
ਕੁੱਝ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਡਰਾਮੇਬਾਜ਼ੀ ਕਰ ਰਹੀ ਹੈ। ਸਰਕਾਰ ਦੇ ਐਲਾਨ ਤੋਂ ਬਾਅਦ ਵੀ ਹਰ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਇੱਥੋਂ ਤਕ ਕਿ ਜਦੋਂ ਗੋਲੀਬੰਦੀ ਦੀ ਗੱਲ ਆਖੀ ਜਾ ਰਹੀ ਸੀ ਤਾਂ ਉਦੋਂ ਵੀ ਸ਼ੋਪੀਆਂ ਵਿਚ ਕੱਟੜਪੰਥੀਆਂ ਦੇ ਨਾਲ ਮੁਠਭੇੜ ਚੱਲ ਰਹੀ ਸੀ। ਮੈਨੂੰ ਨਹੀਂ ਲਗਦਾ ਕਿ ਸਰਕਾਰ ਅਪਣੇ ਫ਼ੈਸਲੇ 'ਤੇ ਕਾਇਮ ਰਹੇਗੀ ਅਤੇ ਇਸ ਕਦਮ ਦਾ ਕੋਈ ਸਾਰਥਕ ਨਤੀਜਾ ਨਿਕਲੇਗਾ।