ਚਾਰ ਬੱਚਿਆਂ ਦੀ ਮਾਂ ਐਵਰੈਸਟ ਫ਼ਤਿਹ ਕਰਨ ਵਾਲੀ ਅਰੁਣਾਚਲ ਪ੍ਰਦੇਸ਼ ਦੀ ਬਣੀ ਤੀਜੀ ਮਹਿਲਾ
ਅਰੁਣਾਚਲ ਪ੍ਰਦੇਸ਼ ਦੀ ਰਹਿਣ ਵਾਲੀ 40 ਸਾਲਾ ਮਹਿਲਾ ਮੁਰੀ ਲਿੰਗੀ ਨੇ 14 ਮਈ ਨੂੰ ਮਾਊਂਟ ਐਵਰੈਸਟ ਫ਼ਤਿਹ ਕਰ ਲਈ ਹੈ। ਲਿੰਗੀ ਐਵਰੈਸਟ ਫ਼ਤਿਹ ਕਰਨ ਵਾਲੀ...
ਈਟਾਨਗਰ, ਅਰੁਣਾਚਲ ਪ੍ਰਦੇਸ਼ ਦੀ ਰਹਿਣ ਵਾਲੀ 40 ਸਾਲਾ ਮਹਿਲਾ ਮੁਰੀ ਲਿੰਗੀ ਨੇ 14 ਮਈ ਨੂੰ ਮਾਊਂਟ ਐਵਰੈਸਟ ਫ਼ਤਿਹ ਕਰ ਲਈ ਹੈ। ਲਿੰਗੀ ਐਵਰੈਸਟ ਫ਼ਤਿਹ ਕਰਨ ਵਾਲੀ ਅਰੁਣਾਚਲ ਪ੍ਰਦੇਸ਼ ਦੀ ਤੀਜੀ ਮਹਿਲਾ ਬਣ ਗਈ ਹੈ। ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਦੀਆਂ ਰਹਿਣ ਵਾਲੀਆਂ ਟੀਨੇ ਮੇਨਾ ਅਤੇ ਅੰਸ਼ੂ ਜਮਸੇਨਪਾ ਇਹ ਰੀਕਾਰਡ ਬਣਾ ਚੁਕੀਆਂ ਹਨ। ਮੇਨਾ ਨੇ 2011 ਵਿਚ ਐਵਰੈਸਟ ਫ਼ਤਿਹ ਕੀਤੀ ਸੀ ਜਦਕਿ ਜਮਸੇਨਪਾ ਨੇ ਪਿਛਲੇ ਸਾਲ ਹੀ ਇਹ ਉਪਲਬਧੀ ਹਾਸਲ ਕੀਤੀ ਸੀ। ਚਾਰ ਬੱਚਿਆਂ ਦੀ ਮਾਂ ਲਿੰਗੀ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਸੂਬੇ ਦੇ ਉਪ ਮੁੱਖ ਮੰਤਰੀ ਚਾਉਨਾ ਮੇਨ ਨੇ ਕਿਹਾ ਕਿ ਲਿੰਗੀ ਨੇ ਸੂਬੇ ਦੇ ਮਾਣ ਵਿਚ
ਹੋਰ ਵਾਧਾ ਕੀਤਾ ਹੈ। ਲਿੰਗੀ ਨੇ 14 ਮਈ ਨੂੰ ਸਵੇਰੇ ਲਗਭਗ ਅੱਠ ਵਜੇ ਐਵਰੈਸਟ ਫ਼ਤਿਹ ਕਰ ਲਈ ਸੀ। ਲਿੰਗੀ ਨੇ ਕਿਹਾ ਕਿ ਮੇਨਾ ਵਲੋਂ ਐਵਰੈਸਟ ਫ਼ਤਿਹ ਕਰਨ ਤੋਂ ਬਾਅਦ ਉਹ 2013 ਵਿਚ ਐਵਰੈਸਟ ਫ਼ਤਿਹ ਕਰਨ ਨੂੰ ਕੈਰੀਅਰ ਵਜੋਂ ਲੈਣ ਲਈ ਉਤਸ਼ਾਹਤ ਹੋਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਸਫ਼ਰ ਮੌਸਮ ਵਿਚ ਤਬਦੀਲੀ ਹੋਣ ਕਾਰਨ ਕਾਫ਼ੀ ਮੁਸ਼ਕਲਾਂ ਭਰਿਆ ਰਿਹਾ ਪਰ ਉਨ੍ਹਾਂ ਮੁਸ਼ਕਲਾਂ ਨੂੰ ਪਿੱਛੇ ਛਡਦਿਆਂ 14 ਮਈ ਨੂੰ ਐਵਰੈਸਟ ਫ਼ਤਿਹ ਕਰ ਹੀ ਲਿਆ। ਦਾਰਜਲਿੰਗ ਵਿਚ 2016 ਵਿਚ ਪਹਾੜਾਂ 'ਤੇ ਚੜ੍ਹਨ ਵਾਲਾ ਕੋਰਸ ਪੂਰਾ ਕਰਨ ਤੋਂ ਬਾਅਦ ਉਹ ਅਕਤੂਬਰ 2017 ਵਿਚ ਗੋਰੀਚੇਨ ਚੋਟੀ 'ਤੇ ਚੜ੍ਹੀ ਸੀ। (ਪੀ.ਟੀ.ਆਈ.)