ਯੇਦੀਯੁਰੱਪਾ ਬਣੇ ਮੁੱਖ ਮੰਤਰੀ ਪਰ ਕੁਰਸੀ ਡਾਵਾਂਡੋਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਧਰਨੇ 'ਤੇ ਬੈਠੇ ਕਾਂਗਰਸੀ, ਬਹੁਮਤ ਸਾਬਤ ਕਰਨਾ ਵੱਡੀ ਚੁਨੌਤੀ

Yediyurpa

ਨਵੀਂ ਦਿੱਲੀ, ਭਾਜਪਾ ਆਗੂ ਬੀਐਸ ਯੇਦੀਯੁਰੱਪਾ ਨੂੰ ਰਾਜਭਵਨ ਵਿਚ ਰਾਜਪਾਲ ਵਜੂਭਾਈ ਵਾਲਾ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਯੇਦੀਯੁਰੱਪਾ ਨੇ ਕਰਨਾਟਕ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਹ ਤੀਜੀ ਵਾਰ ਹੈ ਜਦੋਂ ਯੇਦੀਯੁਰੱਪਾ ਨੂੰ ਕਰਨਾਟਕ ਦੇ ਮੁੱਖ ਮੰਤਰੀ ਦੀ ਕੁਰਸੀ ਮਿਲੀ ਹੈ। ਕਿਸੇ ਸਮੇਂ ਚੌਲ ਮਿੱਲ ਵਿਚ ਕਲਰਕ ਰਹੇ ਮੁੱਖ ਮੰਤਰੀ ਦੇ ਸਵਾਗਤ ਲਈ ਰਾਜ ਭਵਨ ਦੇ ਬਾਹਰ ਜ਼ਬਰਦਸਤ ਤਿਆਰੀਆਂ ਕੀਤੀਆਂ ਗਈਆਂ। ਜਗ੍ਹਾ ਜਗ੍ਹਾ ਢੋਲ ਨਗਾਰੇ ਵਜ ਰਹੇ ਸਨ। ਭਾਵੇਂ ਯੇਦੀਯੁਰੱਪਾ ਨੇ ਕਾਹਲੀ-ਕਾਹਲੀ ਸਹੁੰ ਚੁੱਕ ਲਈ ਹੈ ਪਰ ਉਨ੍ਹਾਂ ਲਈ ਬਹੁਮਤ ਸਾਬਤ ਕਰਨਾ ਵੱਡੀ ਚੁਨੌਤੀ ਹੈ। ਕਾਂਗਰਸ ਨੇ ਕਿਹਾ ਹੈ ਕਿ ਜੇ ਉਨ੍ਹਾਂ ਕੋਲ ਬਹੁਮਤ ਹੈ ਤਾਂ ਉਹ ਭਲਕੇ ਹੀ ਸਾਬਤ ਕਰ ਕੇ ਵਿਖਾਉਣ।ਮੰਤਰੀ ਮੰਡਲ ਦਾ ਸਹੁੰ ਚੁਕ ਸਮਾਗਮ ਵਿਧਾਨ ਸਭਾ ਵਿਚ ਵਿਸ਼ਵਾਸ ਮਤ ਹਾਸਲ ਕਰਨ ਤੋਂ ਬਾਅਦ ਹੋਵੇਗਾ। ਯੇਦੀਯੁਰੱਪਾ ਦੇ ਸਹੁੰ ਚੁੱਕਣ ਵਿਰੁਧ ਕਾਂਗਰਸ ਦੇ ਨੇਤਾ ਵਿਧਾਨ ਸਭਾ ਦੇ ਬਾਹਰ ਮਹਾਤਮਾ ਗਾਂਧੀ ਦੀ ਮੂਰਤੀ ਕੋਲ ਧਰਨੇ 'ਤੇ ਬੈਠ ਗਏ। ਇਨ੍ਹਾਂ ਨੇਤਾਵਾਂ ਵਿਚ ਕਾਂਗਰਸ ਨੇਤਾ ਗ਼ੁਲਾਮ ਨਬੀ ਆਜ਼ਾਦ, ਅਸ਼ੋਕ ਗਹਿਲੋਤ ਅਤੇ ਸਿਧਰਮਈਆ ਸਮੇਤ ਹੋਰ ਕਾਂਗਰਸੀ ਵਿਧਾਇਕ ਸ਼ਾਮਲ ਸਨ। 

ਸਿਧਾਰਮਈਆ ਨੇ ਕਿਹਾ ਕਿ ਅਸੀਂ ਲੋਕਾਂ ਕੋਲ ਜਾਵਾਂਗੇ ਅਤੇ ਉਨ੍ਹਾਂ ਨੂੰ ਦੱਸਾਂਗੇ ਕਿ ਕਿਵੇਂ ਭਾਜਪਾ ਸੰਵਿਧਾਨ ਵਿਰੁਧ ਜਾ ਰਹੀ ਹੈ। ਉਨ੍ਹਾਂ ਨੂੰ ਸੰਸਦ 'ਤੇ ਭਰੋਸਾ ਨਹੀਂ ਹੈ। ਕਰਨਾਟਕ ਵਿਚ 222 ਵਿਧਾਇਕਾਂ ਦੀ ਵਿਧਾਨ ਸਭਾ ਹੈ। ਸੁਪਰੀਮ ਕੋਰਟ ਦਾ ਫ਼ੈਸਲਾ ਕਹਿੰਦਾ ਹੈ ਕਿ ਬਹੁਮਤ ਜ਼ਰੂਰੀ ਹੈ ਨਾਕਿ ਸੱਭ ਤੋਂ ਵੱਡੀ ਪਾਰਟੀ। ਯੇਦੀਯੁਰੱਪਾ ਨੇ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਪਰ ਇਸ ਅਹੁਦੇ 'ਤੇ ਕਾਇਮ ਰਹਿਣ ਬਾਰੇ ਹਾਲੇ ਭੰਬਲਭੂਸਾ ਬਣਿਆ ਹੋਇਆ ਹੈ। ਉਧਰ, ਗਠਜੋੜ ਦੇ ਵਿਧਾਇਕਾਂ ਨੂੰ ਖ਼ਰੀਦੋ-ਫ਼ਰੋਖ਼ਤ ਤੋਂ ਬਚਾਉਣ ਲਈ ਰਿਜ਼ਾਰਟਾਂ ਅਤੇ ਹੋਟਲਾਂ ਵਿਚ ਭੇਜ ਦਿਤਾ ਗਿਆ ਹੈ। ਯੇਦੀਯੁਰੱਪਾ ਕਰਨਾਟਕ ਦੇ ਲਿੰਗਾਇਤ ਨੇਤਾ ਹਨ। ਪਹਿਲੀ ਵਾਰ 2007 ਵਿਚ 7 ਦਿਨਾਂ ਲਈ ਮੁੱਖ ਮੰਤਰੀ ਬਣੇ ਅਤੇ ਇਸ ਤੋਂ ਬਾਅਦ 30 ਮਈ 2008 ਨੂੰ ਦੂਜੀ ਵਾਰ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਜੋ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਜੁਲਾਈ 2011 ਵਿਚ ਛਡਣੀ ਪਈ ਸੀ।  
(ਏਜੰਸੀ)