ਚੰਡੀਗੜ੍ਹ ਨੂੰ ਮਿਲਿਆ ਨਵਾਂ ਚੋਣ ਕਮਿਸ਼ਨਰ : ਸੇਵਾਮੁਕਤ IAS ਵਿਜੇ ਦੇਵ ਨੇ ਸੰਭਾਲਿਆ ਚਾਰਜ
ਪਹਿਲਾਂ ਇੱਥੇ ਪ੍ਰਸ਼ਾਸਕ ਦੇ ਸਲਾਹਕਾਰ ਵਜੋਂ ਸੇਵਾ ਨਿਭਾਈ
ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਵਜੋਂ ਸੇਵਾ ਨਿਭਾਅ ਚੁੱਕੇ ਆਈਏਐਸ ਵਿਜੇ ਕੁਮਾਰ ਦੇਵ (ਸੇਵਾਮੁਕਤ) (Retired IAS Vijay Dev) ਹੁਣ ਚੰਡੀਗੜ੍ਹ ਦੇ ਚੋਣ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਅੱਜ ਪੰਜਾਬ ਰਾਜ ਭਵਨ ਵਿਖੇ ਆਪਣੇ ਨਵੇਂ ਅਹੁਦੇ ਦੀ ਸਹੁੰ ਚੁੱਕੀ। ਰਾਜਪਾਲ ਬੀਐਲ ਪੁਰੋਹਿਤ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।
ਇਸ ਤੋਂ ਪਹਿਲਾਂ ਉਹ ਦਿੱਲੀ 'ਚ ਮੁੱਖ ਸਕੱਤਰ ਦੇ ਅਹੁਦੇ 'ਤੇ ਰਹਿ ਚੁੱਕੇ ਹਨ। ਉਨ੍ਹਾਂ ਨੂੰ 21 ਅਪ੍ਰੈਲ ਨੂੰ ਦਿੱਲੀ ਦਾ ਚੋਣ ਕਮਿਸ਼ਨਰ ਬਣਾਇਆ ਗਿਆ ਸੀ। ਅਜਿਹੇ 'ਚ ਹੁਣ ਉਹ ਚੰਡੀਗੜ੍ਹ ਦੇ ਨਾਲ-ਨਾਲ ਦਿੱਲੀ 'ਚ ਵੀ ਇਹ ਅਹੁਦਾ ਸੰਭਾਲਣਗੇ, ਯਾਨੀ ਉਨ੍ਹਾਂ ਨੂੰ ਚੰਡੀਗੜ੍ਹ-ਦਿੱਲੀ ਦੋਵਾਂ ਦਾ ਚੋਣ ਕਮਿਸ਼ਨਰ ਕਿਹਾ ਜਾਵੇਗਾ। ਇਸ ਤੋਂ ਪਹਿਲਾਂ ਐਸਕੇ ਸ੍ਰੀਵਾਸਤਵ ਇਸ ਅਹੁਦੇ 'ਤੇ ਕਾਬਜ਼ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਜੇ ਦੇਵ (Retired IAS Vijay Dev) 6 ਸਾਲ ਜਾਂ 65 ਸਾਲ ਦੀ ਉਮਰ ਤੱਕ ਚੰਡੀਗੜ੍ਹ ਚੋਣ ਕਮਿਸ਼ਨਰ ਦੇ ਅਹੁਦੇ 'ਤੇ ਬਣੇ ਰਹਿ ਸਕਣਗੇ। ਇਹਨਾਂ ਦੋਹਾਂ ਸਥਿਤੀਆਂ ਵਿੱਚੋਂ ਜੋ ਵੀ ਪਹਿਲਾਂ ਪੂਰਾ ਹੁੰਦਾ ਹੈ, ਉਹੀ ਉਨ੍ਹਾਂ ਦੀ ਸੇਵਾ 'ਤੇ ਲਾਗੂ ਹੋਵੇਗਾ। ਵਿਜੇ ਕੁਮਾਰ ਦੇਵ ਨੂੰ ਇਹ ਅਹੁਦਾ ਉਨ੍ਹਾਂ ਦੇ ਚੋਣ ਕੰਮਾਂ ਦੀ ਚੰਗੀ ਜਾਣਕਾਰੀ ਅਤੇ ਉਨ੍ਹਾਂ ਦੇ ਤਜਰਬੇ ਦੇ ਮੱਦੇਨਜ਼ਰ ਸੌਂਪਿਆ ਗਿਆ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ਵਿਖੇ ਪ੍ਰਸ਼ਾਸਕ ਦੇ ਸਲਾਹਕਾਰ ਰਹਿੰਦਿਆਂ ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ਲਈ ਕਈ ਕੰਮ ਕੀਤੇ, ਜਿਸ ਕਾਰਨ ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਦੇ ਦਿਲਾਂ 'ਚ ਆਪਣੀ ਵਿਸ਼ੇਸ਼ ਪਛਾਣ ਬਣਾਈ ਸੀ। ਵਿਜੇ ਦੇਵ 20 ਅਪ੍ਰੈਲ ਨੂੰ ਦਿੱਲੀ ਦੇ ਮੁੱਖ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਨੇ ਵੀ.ਆਰ.ਐਸ. ਲਈ ਸੀ। ਇਸ ਬੇਨਤੀ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਵੀਕਾਰ ਕਰ ਲਿਆ।
1987 ਬੈਚ ਦੇ AGMUT ਕਾਡਰ ਅਧਿਕਾਰੀ ਵਿਜੇ ਦੇਵ ਦੀ VRS ਮੰਗ ਨੂੰ ਆਲ ਇੰਡੀਆ ਸਰਵਿਸਿਜ਼ (ਮੌਤ-ਕਮ-ਰਿਟਾਇਰਮੈਂਟ ਲਾਭ) ਨਿਯਮ, 1958 ਦੇ ਨਿਯਮ 16(2) ਦੇ ਤਹਿਤ ਮਨਜ਼ੂਰ ਕੀਤਾ ਗਿਆ ਸੀ। ਸਾਲ 2018 ਵਿੱਚ, ਉਨ੍ਹਾਂ ਨੇ ਆਈਐਸਐਸ ਅੰਸ਼ੂ ਪ੍ਰਕਾਸ਼ ਦੀ ਥਾਂ ਲੈ ਕੇ ਦਿੱਲੀ ਦੇ ਮੁੱਖ ਸਕੱਤਰ ਦਾ ਅਹੁਦਾ ਸੰਭਾਲਿਆ।