ਸਕੂਲਾਂ ’ਚ ਰੋਬੋਟਿਕਸ ਪੜ੍ਹਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਕੇਰਲ
ਕੇਰਲ ’ਚ 10ਵੀਂ ਜਮਾਤ ਦੇ ਵਿਦਿਆਰਥੀ ਪੜ੍ਹਨਗੇ ਰੋਬੋਟਿਕਸ
ਤਿਰੂਵਨੰਤਪੁਰਮ : ਕੇਰਲ ਦੇਸ਼ ਦਾ ਪਹਿਲਾ ਸੂਬਾ ਬਣ ਕੇ ਉਭਰਿਆ ਹੈ, ਜਿਸ ਨੇ 2 ਜੂਨ ਤੋਂ ਸ਼ੁਰੂ ਹੋਣ ਵਾਲੇ ਅਕਾਦਮਿਕ ਸਾਲ ਤੋਂ 10ਵੀਂ ਜਮਾਤ ਦੇ ਸਾਰੇ 4.3 ਲੱਖ ਵਿਦਿਆਰਥੀਆਂ ਲਈ ਰੋਬੋਟਿਕਸ ਸਿੱਖਿਆ ਲਾਜ਼ਮੀ ਕਰ ਦਿਤੀ ਹੈ।
10ਵੀਂ ਜਮਾਤ ਦੀ ਆਈ.ਸੀ.ਟੀ. ਪਾਠ ਪੁਸਤਕ ’ਚ ਰੋਬੋਟਿਕਸ ਨੂੰ ਸ਼ਾਮਲ ਕਰਨ ਨਾਲ ਵਿਦਿਆਰਥੀਆਂ ਨੂੰ ਦਿਲਚਸਪ ਗਤੀਵਿਧੀਆਂ ਰਾਹੀਂ ਬੁਨਿਆਦੀ ਰੋਬੋਟਿਕਸ ਧਾਰਨਾਵਾਂ ਸਮਝਣ ਦਾ ਮੌਕਾ ਮਿਲੇਗਾ।
ਕੇ.ਆਈ.ਟੀ.ਈ. ਦੇ ਸੀ.ਈ.ਓ. ਅਤੇ ਆਈ.ਸੀ.ਟੀ. ਪਾਠ ਪੁਸਤਕ ਕਮੇਟੀ ਦੇ ਚੇਅਰਮੈਨ ਕੇ. ਅਨਵਰ ਸਦਾਥ ਨੇ ਇਕ ਬਿਆਨ ਵਿਚ ਕਿਹਾ ਕਿ ਇਨ੍ਹਾਂ ਵਿਚ ਸਰਕਟ ਨਿਰਮਾਣ, ਸੈਂਸਰਾਂ ਅਤੇ ਐਕਟੀਏਟਰਾਂ ਦੀ ਵਰਤੋਂ ਕਰਨਾ ਅਤੇ ਕੰਪਿਊਟਰ ਪ੍ਰੋਗਰਾਮਿੰਗ ਦੀ ਵਰਤੋਂ ਕਰ ਕੇ ਇਲੈਕਟ੍ਰਾਨਿਕ ਉਪਕਰਣਾਂ ਨੂੰ ਕੰਟਰੋਲ ਕਰਨਾ ਸ਼ਾਮਲ ਹੈ। ਕੇ.ਆਈ.ਟੀ.ਈ. ਕੇਰਲ ਸਰਕਾਰ ਦੇ ਆਮ ਸਿੱਖਿਆ ਵਿਭਾਗ ਦੀ ਤਕਨੀਕੀ ਬ੍ਰਾਂਚ ਹੈ।
ਇਸ ਪਾਠਕ੍ਰਮ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਇਸ ਨੇ ਪਹਿਲਾਂ ਹੀ ਸੂਬੇ ਭਰ ਦੇ ਹਾਈ ਸਕੂਲਾਂ ਨੂੰ 29,000 ਰੋਬੋਟਿਕ ਕਿੱਟਾਂ ਵੰਡੀਆਂ ਹਨ। ਸਦਾਥ ਨੇ ਕਿਹਾ ਕਿ ਇਹ ਮਹੱਤਵਪੂਰਣ ਪਹਿਲ ਕੇਰਲ ਦੀ ਬਨਾਉਟੀ ਬੁੱਧੀ (ਏ.ਆਈ.) ਸਿੱਖਿਆ ਨੂੰ ਸੱਤਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਲਈ ਪਹੁੰਚਯੋਗ ਬਣਾਉਣ ’ਚ ਪਹਿਲਾਂ ਮਿਲੀ ਸਫਲਤਾ ’ਤੇ ਆਧਾਰਤ ਹੈ। ਭਵਿੱਖ ਲਈ ਤਿਆਰ ਹੁਨਰਾਂ ਪ੍ਰਤੀ ਨਿਰੰਤਰ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ, ਏ.ਆਈ. ਲਰਨਿੰਗ ਨੂੰ ਹੁਣ ਗ੍ਰੇਡ 8, 9 ਅਤੇ 10 ਲਈ ਆਈ.ਸੀ.ਟੀ. ਪਾਠ ਪੁਸਤਕਾਂ ’ਚ ਵੀ ਸ਼ਾਮਲ ਕੀਤਾ ਗਿਆ ਹੈ।
ਪਾਠ ਪੁਸਤਕ ਵਿਚ ਸ਼ੁਰੂਆਤੀ ਗਤੀਵਿਧੀ ਵਿਦਿਆਰਥੀਆਂ ਨੂੰ ਇਕ ਆਟੋਮੈਟਿਕ ਸੈਨੀਟਾਈਜ਼ਰ ਡਿਸਪੈਂਸਰ, ਏ.ਆਈ.-ਪਾਵਰਡ ਸਮਾਰਟ ਹੋਮ ਆਟੋਮੇਸ਼ਨ ਸਿਸਟਮ ਬਣਾਉਣ ਵਰਗੇ ਕੰਮ ਸਿਖਣਗੇ। ਅਧਿਕਾਰੀ ਨੇ ਬਿਆਨ ਵਿਚ ਕਿਹਾ ਕਿ ਆਈ.ਸੀ.ਟੀ. ਪਾਠ ਪੁਸਤਕ ਸਾਰੇ ਵਿਦਿਆਰਥੀਆਂ ਨੂੰ ਮਲਿਆਲਮ, ਅੰਗਰੇਜ਼ੀ, ਤਾਮਿਲ ਅਤੇ ਕੰਨੜ ਮਾਧਿਅਮ ਵਿਚ ਮੁਹੱਈਆ ਕਰਵਾਈ ਜਾ ਰਹੀ ਹੈ।