ਥੱਪੜ ਕਾਂਡ 'ਚ ਭਾਜਪਾ ਲੀਡਰ ਸੋਨਾਲੀ ਫੋਗਾਟ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਜ਼ਮਾਨਤ ਦਿਤੀ

Sonali Fogat

ਹਿਸਾਰ, 17 ਜੂਨ : ਭਾਜਪਾ ਦੀ ਮਹਿਲਾ ਆਗੂ ਸੋਨਾਲੀ ਫ਼ੋਗਾਟ ਨੂੰ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਹਿਸਾਰ ਮਾਰਕੀਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਨੂੰ ਸ਼ਰੇਆਮ ਥੱਪੜ ਤੇ ਚੱਪਲਾਂ ਨਾਲ ਕੁੱਟਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਬਾਅਦ 'ਚੋਂ ਅਦਾਲਤ ਤੋਂ ਜ਼ਮਾਨਤ ਮਿਲ ਗਈ।
ਗ੍ਰਿਫ਼ਤਾਰੀ ਤੋਂ ਬਾਅਦ ਸੋਨਾਲੀ ਫ਼ੋਗਾਟ ਨੂੰ ਸਿੱਧਾ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ ਜ਼ਮਾਨਤ ਦੇ ਦਿਤੀ ਗਈ।

ਕਾਬਿਲੇਗ਼ੌਰ ਹੈ ਕਿ ਦੋ ਦਿਨ ਪਹਿਲਾਂ ਜੀਂਦ 'ਚ ਹੋਈ ਇਕ ਬੈਠਕ 'ਚ ਬੀਨੈਨ ਖਾਪ ਨੇ ਸੂਬਾ ਸਰਕਾਰ ਨੂੰ ਇਕ ਹਫ਼ਤੇ 'ਚ ਸੋਨਾਲੀ ਫ਼ੋਗਾਟ ਨੂੰ ਗ੍ਰਿਫ਼ਤਾਰ ਕਰਨ ਦਾ ਅਲਟੀਮੇਟਮ ਦਿਤਾ ਸੀ। ਹਾਲੇ ਦੋ-ਤਿੰਨ ਦਿਨ ਹੀ ਬੀਤੇ ਸਨ ਕਿ ਸੋਨਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਦਾਲਤ 'ਚ ਸੋਨਾਲੀ ਫ਼ੋਗਾਟ ਵਲੋਂ ਦੋ ਵਕੀਲ ਤੇ ਸੁਲਤਾਨ ਸਿੰਘ ਵਲੋਂ ਇਕ ਵਕੀਲ ਪੇਸ਼ ਹੋਇਆ।

 ਜ਼ਮਾਨਤ ਪਟੀਸ਼ਨ 'ਚ ਸੁਲਤਾਨ ਸਿੰਘ ਦੇ ਵਕੀਲ ਨੇ ਕਿਹਾ ਕਿ ਸੋਨਾਲੀ ਨੇ ਸਰਕਾਰੀ ਅਧਿਕਾਰੀ ਦੀ ਕੁੱਟਮਾਰ ਕੀਤੀ ਹੈ, ਇਸ ਲਈ ਇਨ੍ਹਾਂ ਨੂੰ ਜ਼ਮਾਨਤ ਨਾ ਦਿਤੀ ਜਾਵੇ। ਉਥੇ ਹੀ ਸੋਨਾਲੀ ਫ਼ੋਗਾਟ ਦੇ ਵਕੀਲਾਂ ਨੇ ਪੱਖ ਰਖਿਆ ਕਿ ਉਸ ਨੇ ਆਦਮਪੁਰ ਸੀਟ ਤੋਂ ਚੋਣ ਲੜੀ ਸੀ, ਉਸ ਉਪਰ ਕਿਸੇ ਤਰ੍ਹਾਂ ਦਾ ਅਪਰਾਧਕ ਮਾਮਲਾ ਦਰਜ ਨਹੀਂ ਸੀ। ਇਸ ਮਾਮਲੇ 'ਚ ਵੀ ਜਾਂਚ ਚੱਲ ਰਹੀ ਹੈ। ਅਦਾਲਤ ਨੇ 30 ਹਜ਼ਾਰ ਰੁਪਏ ਦੇ ਮੁਚੱਲਕੇ 'ਤੇ ਸੋਨਾਲੀ ਫ਼ੋਗਾਟ ਨੂੰ ਜ਼ਮਾਨਤ ਦੇ ਦਿਤੀ।                 (ਏਜੰਸੀ)