ਚੀਨੀ ਵਸਤੂਆਂ ਨਾਲ ਭਰੇ ਪਏ ਨੇ ਭਾਰਤੀ ਬਾਜ਼ਾਰ, ਅੰਕੜੇ ਜਾਣ ਹੋ ਜਾਓਗੇ ਹੈਰਾਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨੀ ਮਾਲ ਤੋਂ ਨਿਰਭਰਤਾ ਨੂੰ ਖ਼ਤਮ ਕਰਨ ਲਈ ਵੱਡੇ ਉਪਰਾਲਿਆਂ ਦੀ ਲੋੜ

Chinas goods

ਚੰਡੀਗੜ੍ਹ : ਲੱਦਾਖ 'ਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਹੋਈ ਹਾਲੀਆ ਖ਼ੂਨੀ ਝੜਪ ਤੋਂ ਬਾਅਦ ਦੇਸ਼ ਅੰਦਰ ਚੀਨੀ ਸਮਾਨ ਦੇ ਬਾਈਕਾਟ ਦੀਆਂ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਇਸ ਵਿਰੁਧ ਭਾਵੇਂ ਪਹਿਲਾਂ ਵੀ ਸਮੇਂ ਸਮੇਂ 'ਤੇ ਆਵਾਜ਼ ਉਠਦੀ ਰਹੀ ਹੈ, ਪਰ 20 ਫ਼ੌਜੀਆਂ ਦੇ ਸ਼ਹਾਦਤ ਨੇ ਲੰਮੇ ਸਮੇਂ ਤੋਂ ਧੁਖ ਰਹੇ ਇਸ ਮਸਲੇ 'ਤੇ ਚਿਗਾੜੀ ਦਾ ਕੰਮ ਕੀਤਾ ਹੈ। ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਜ਼ਰੀਏ ਲੋਕ ਚੀਨੀ ਸਮਾਨ ਦੇ ਬਾਈਕਾਟ ਦਾ ਐਲਾਨ ਕਰ ਰਹੇ ਹਨ। ਇਸ ਲਹਿਰ 'ਚ ਕਈ ਵਪਰਕ ਸੰਸਥਾਵਾਂ ਵੀ ਖੁਲ੍ਹ ਕੇ ਸਾਹਮਣੇ ਆ ਗਈਆਂ ਹਨ।

ਪਰ ਜਿਸ ਮਿਕਦਾਰ 'ਚ ਭਾਰਤੀ ਬਾਜ਼ਾਰਾਂ ਅੰਦਰ ਚੀਨੀ ਸਮਾਨ ਜਮ੍ਹਾ ਪਿਆ ਹੈ ਉਸ ਨੇ ਇਸ ਮਸਲੇ ਦਾ ਛੇਤੀ ਹੱਲ ਨਿਕਲਣ ਦੀਆਂ ਸੰਭਾਵਨਾਵਾਂ ਨੂੰ ਮੱਧਮ ਕਰ ਦਿਤਾ ਹੈ। ਇੰਨਾ ਹੀ ਨਹੀਂ, ਚੀਨ ਦੀਆਂ ਦਿਗਜ਼ ਕੰਪਨੀਆਂ ਨੇ ਭਾਰਤ ਅੰਦਰ ਵੱਡਾ ਨਿਵੇਸ਼ ਕੀਤਾ ਹੋਇਆ ਹੈ। ਭਾਵੇਂ ਚੀਨੀ ਸਮਾਨ ਬਹੁਤਾ ਮਿਆਰੀ ਨਹੀਂ ਹੁੰਦਾ, ਪਰ ਸਸਤਾ ਹੋਣ ਕਾਰਨ ਵੱਡੀ ਗਿਣਤੀ ਲੋਕ ਇਸ ਦੀ ਵਰਤੋਂ ਕਰਦੇ ਹਨ। ਇਸ ਕਾਰਨ ਚੀਨ 'ਤੇ ਨਿਰਭਰਤਾ ਨੂੰ ਖ਼ਤਮ ਕਰਨਾ ਜੇਕਰ ਨਾਮੁਮਕਿਨ ਨਹੀਂ ਤਾਂ ਕਠਿਨ ਜ਼ਰੂਰ ਹੈ।

ਹਾਲਾਂਕਿ ਭਾਰਤ ਸਰਕਾਰ ਭਾਰਤੀ ਬਾਜ਼ਾਰ ਨੂੰ ਹਥਿਆਰ ਵਜੋਂ ਵਰਤਣ ਬਾਰੇ ਸੋਚ ਰਹੀ ਹੈ। ਭਾਰਤੀ ਬਾਜ਼ਾਰ ਵਿਚੋਂ ਮਾਇਕੀ ਝਟਕਾ ਦੇ ਕੇ ਚੀਨ ਨੂੰ ਉਸ ਦੀ ਔਕਾਤ ਯਾਦ ਕਰਵਾਈ ਜਾ ਸਕਦੀ ਹੈ। ਸਰਕਾਰ ਨੇ ਇਸ ਸਬੰਧੀ ਯੋਜਨਾ ਬਣਾਉਣੀ ਸ਼ੁਰੂ ਕਰ ਦਿਤੀ ਹੈ। ਰੇਲਵੇ ਨੇ ਕੁੱਝ ਕੰਮਾਂ ਤੋਂ ਚੀਨੀ ਕੰਪਨੀਆਂ ਨੂੰ ਪਾਸੇ ਕਰ ਕੇ ਇਸ ਦੀ ਸ਼ੁਰੂਆਤ ਕਰ ਵੀ ਦਿਤੀ ਹੈ। ਆਉਂਦੇ ਸਮੇਂ ਅੰਦਰ ਚੀਨੀ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਕਰਨ ਦੇ ਮੌਕੇ ਸੀਮਤ ਹੋਣਾ ਵੀ ਤੈਅ ਹੈ।

ਦੂਜੇ ਪਾਸੇ ਮੌਜੂਦਾ ਸਮੇਂ ਚੀਨੀ ਕੰਪਨੀਆਂ ਦੀ ਹਿੱਸੇਦਾਰੀ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਭਾਰਤ ਅੰਦਰ ਸਮਾਰਟ ਫ਼ੋਨ ਦਾ ਬਾਜ਼ਾਰ ਲਗਭਗ 2 ਲੱਖ ਕਰੋੜ ਰੁਪਏ ਦੇ ਕਰੀਬ ਹੈ ਜਿਸ 'ਚ 72 ਫ਼ੀ ਸਦੀ ਦੇ ਕਰੀਬ ਉਤਪਾਦ ਚੀਨੀ ਕੰਪਨੀਆਂ ਦੇ ਹਨ। ਦੇਸ਼ ਅੰਦਰ ਟੈਲੀਕਾਮ ਉਪਕਰਣਾਂ ਦੀ ਮਾਰਕੀਟ 12,000 ਕਰੋੜ ਰੁਪਏ ਦੀ ਹੈ। ਇਸ ਦੇ 25 ਫ਼ੀ ਸਦੀ ਹਿੱਸੇ 'ਤੇ ਚੀਨੀ ਕੰਪਨੀਆਂ ਦਾ ਕਬਜ਼ਾ ਹੈ। ਇਸੇ ਤਰ੍ਹਾਂ ਟੀਵੀ ਬਾਜ਼ਾਰ ਦੀ ਕੀਮਤ 25,000 ਕਰੋੜ ਬਣਦੀ ਹੈ। ਸਮਾਰਟ ਟੀਵੀ ਦੇ 42 ਤੋਂ 45 ਫ਼ੀ ਸਦੀ ਬਾਜ਼ਾਰ 'ਤੇ ਚੀਨੀ ਕੰਪਨੀਆਂ ਦਾ ਗਲਬਾ ਹੈ। ਇਸੇ ਤਰ੍ਹਾਂ ਗ਼ੈਰ ਸਮਾਰਟ ਟੀਵੀ ਬਾਜ਼ਾਰ ਦੇ 7 ਤੋਂ 9 ਫ਼ੀ ਸਦੀ ਹਿੱਸਾ ਚੀਨੀ ਕੰਪਨੀਆਂ ਤੋਂ ਪ੍ਰਭਾਵਿਤ ਹੈ।

ਦੇਸ਼ ਅੰਦਰ ਇੰਟਰਨੈੱਟ ਐਪਸ ਦੀ ਮਾਰਕੀਟ 45 ਮਿਲੀਅਨ ਦੇ ਕਰੀਬ ਹੈ। ਦੇਸ਼ ਅੰਦਰ 66 ਫ਼ੀ ਸਦੀ ਲੋਕ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਇਕ ਚੀਨੀ ਐਪ ਜ਼ਰੂਰ ਵਰਤਦੇ ਹਨ। ਇਸੇ ਤਰ੍ਹਾਂ ਦੇਸ਼ ਅੰਦਰ ਮੌਜੂਦ  108.5 ਮੀਟਰਕ ਟਨ ਸਟੀਲ ਦੇ ਬਾਜ਼ਾਰ ਵਿਚ 18 ਤੋਂ 20 ਫ਼ੀ ਸਦੀ ਹਿੱਸਾ ਚੀਨੀ ਕੰਪਨੀਆਂ ਕੋਲ ਹੈ। ਇਸੇ ਤਰ੍ਹਾਂ ਹੋਰ ਕਈ ਖੇਤਰਾਂ 'ਤੇ ਵੀ ਚੀਨੀ ਕੰਪਨੀਆਂ ਅਪਣੀ ਹਾਜ਼ਰੀ ਦਰਜ ਕਰਵਾ ਚੁੱਕੀਆਂ ਹਨ। ਇਸ ਲਈ ਦੇਸ਼ ਵਿਚੋਂ ਚੀਨੀ ਕੰਪਨੀਆਂ ਦਾ ਪ੍ਰਭਾਵ ਘੱਟ ਕਰਨ ਲਈ ਸਵੈਦੇਸ਼ੀ ਮੁਹਿੰਮ ਨੂੰ ਵੱਡੇ ਪੱਧਰ 'ਤੇ ਸ਼ੁਰੂ ਕੀਤੇ ਜਾਣ ਦੀ ਲੋੜ ਹੈ।

ਇਸ ਤੋਂ ਇਲਾਵਾ ਭਾਰਤੀ ਕੰਪਨੀਆਂ ਨੂੰ ਵੀ ਅਪਣੇ ਸਮਾਨ ਦੇ ਮਿਆਰ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਦੀ ਪਿਰਤ ਪਾਉਣੀ ਪਵੇਗੀ। ਭਾਰਤੀ ਕੰਪਨੀਆਂ 'ਤੇ ਘਟੀਆ ਕਿਸਮ ਦਾ ਮਾਲ ਬਣਾਉਣ ਦੇ ਦੋਸ਼ ਲੱਗਦੇ ਰਹੇ ਹਨ। ਗ੍ਰਾਹਕ ਨੂੰ ਜਦੋਂ ਵੱਧ ਪੈਸੇ ਖਰਚਣ ਦੇ ਬਾਵਜੂਦ ਘਟੀਆ ਸਮਾਨ ਮਿਲਦਾ ਹੈ ਤਾਂ ਉਹ ਘਟੀਆ ਮਾਲ ਨੂੰ ਸਸਤੇ ਭਾਅ 'ਤੇ ਖ਼ਰੀਦਣ ਨੂੰ ਪਹਿਲ ਦੇਣ ਲੱਗਦੇ ਹਨ, ਜਿਸ ਦੀ ਬਦੌਲਤ ਚੀਨੀ ਸਮਾਨ ਦੀ ਮੰਗ ਵੱਧ ਜਾਂਦੀ ਹੈ। ਇਸ ਦੀ ਪੂਰਤੀ ਲਈ ਵਪਾਰੀ ਧੜਾਧੜ ਚੀਨੀ ਮਾਲ ਨੂੰ ਮੰਗਵਾਉਣ ਲੱਗਦੇ ਹਨ ਜੋ ਬਾਜ਼ਾਰ ਅੰਦਰ ਚੀਨੀ ਮਾਲ ਦੀ ਬਹੁਤਾਤ ਦਾ ਕਾਰਨ ਬਣਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।