ਲੱਦਾਖ 'ਚ ਜਵਾਨਾਂ ਦੀ ਸ਼ਹਾਦਤ ਬਾਰੇ ਰਾਹੁਲ ਦੇ ਸਵਾਲ ਦਾ ਵਿਦੇਸ਼ ਮੰਤਰੀ ਨੇ ਦਿਤਾ ਜਵਾਬ!
ਜਵਾਨਾਂ ਦੇ ਬਿਨਾਂ ਹਥਿਆਰ ਜਾਣ ਦੀ ਦੱਸੀ ਵਜ੍ਹਾ
ਨਵੀਂ ਦਿੱਲੀ: ਲੱਦਾਖ ਦੀ ਗਲਵਾਨ ਘਾਟੀ 'ਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਦਰਮਿਆਨ ਹੋਈ ਖ਼ੂਨੀ ਝੜਪ 'ਚ 20 ਜਵਾਨ ਸ਼ਹੀਦ ਹੋ ਗਏ ਸਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਕਾਂਗਰਸ ਅਤੇ ਸਰਕਾਰ ਆਹਮੋ-ਸਾਹਮਣੇ ਆ ਗਏ ਹਨ। ਇਸ ਤੋਂ ਬਾਅਦ ਕੁੱਝ ਭਾਜਪਾ ਆਗੂਆਂ ਨੇ ਵੀ ਕਾਂਗਰਸ 'ਤੇ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿਤੇ ਨੇ। ਇਕ ਪਾਸੇ ਜਿੱਥੇ ਚੀਨ ਦੇ ਧੋਖੇ ਨਾਲ ਵਾਰ ਕਰਨ ਤੋਂ ਪੂਰਾ ਦੇਸ਼ ਖਫ਼ਾ ਹੈ ਉਥੇ ਸਿਆਸਤਦਾਨਾਂ ਵਲੋਂ ਇਕ-ਦੂਜੇ ਨੂੰ ਘੇਰਨ ਦੀ ਰਣਨੀਤੀ ਅਪਨਾਉਣ 'ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਜਵਾਨਾਂ ਦੇ ਨਿਹੱਥੇ ਜਾਣ 'ਤੇ ਸਵਾਲ ਚੁੱਕੇ ਸਨ। ਇਕ ਸਾਬਕਾ ਫ਼ੌਜ ਅਧਿਕਾਰੀ ਦੀ ਇੰਟਰਵਿਊ ਦਾ ਜ਼ਿਕਰ ਕਰਦਿਆਂ ਉਨ੍ਹਾਂ ਟਵੀਟ ਕੀਤਾ ''ਚੀਨ ਦੀ ਹਿੰਮਤ ਕਿਵੇਂ ਹੋਈ, ਉਸ ਨੇ ਸਾਡੇ ਨਿਹੱਥੇ ਫ਼ੌਜੀਆਂ ਦਾ ਕਤਲ ਕੀਤਾ? ਉਹ ਲੁਕੇ ਹੋਏ ਕਿਉਂ ਹਨ? ਹੁਣ ਬਹੁਤ ਹੋ ਚੁਕਿਆ। ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਕੀ ਹੋਇਆ ਹੈ?'' ਇਸ ਤੋਂ ਪਹਿਲਾਂ ਬੀਤੇ ਬੁੱਧਵਾਰ ਨੂੰ ਵੀ ਰਾਹੁਲ ਗਾਂਧੀ ਨੇ ਇਸ ਮਾਮਲੇ 'ਤੇ ਸਵਾਲ ਪੁਛਿਆ ਸੀ।
ਇਸ ਨੂੰ ਲੈ ਕੇ ਜਿੱਥੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ ਨੂੰ ਘੇਰਿਆ ਹੈ ਉਥੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਵੀ ਰਾਹੁਲ ਗਾਂਧੀ ਦੇ ਸਵਾਲਾਂ ਦੇ ਜਵਾਬ ਦਿਤੇ ਹਨ। ਰਾਹੁਲ ਗਾਂਧੀ ਦੇ ਸਵਾਲਾਂ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਸਰਹੱਦ 'ਤੇ ਸੈਨਿਕ ਹਮੇਸ਼ਾ ਹਥਿਆਰ ਲੈ ਕੇ ਜਾਂਦੇ ਹਨ, ਖ਼ਾਸ ਕਰ ਕ ਜਦੋਂ ਉਹ ਪੋਸਟ ਛੱਡਦੇ ਹਨ। 15 ਜੂਨ ਨੂੰ ਗਲਵਾਨ 'ਚ ਵੀ ਇਨ੍ਹਾਂ ਸੈਨਿਕਾਂ ਨੇ ਅਜਿਹਾ ਹੀ ਕੀਤਾ ਸੀ। ਲੰਮੇ ਸਮੇਂ ਤੋਂ ਚਲੀ ਆ ਰਹੀ ਪ੍ਰਥਾ ਆਹਮੋ-ਸਾਹਮਣੇ ਮਿਲਣ ਦੌਰਾਨ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਹ ਸਭ ਦੋਵਾਂ ਦੇਸ਼ਾਂ ਵਿਚਾਲੇ ਸਾਲ 1996 ਅਤੇ 2005 ਦੌਰਾਨ ਹੋਏ ਸਮਝੌਤਿਆਂ ਤਹਿਤ ਜ਼ਰੂਰੀ ਹੁੰਦਾ ਹੈ।
ਕਾਬਲੇਗੌਰ ਹੈ ਕਿ 15 ਜੂਨ ਦੀ ਰਾਤ ਨੂੰ ਕਮਾਂਡਿੰਗ ਅਫ਼ਸਰ ਸ਼ਹੀਦ ਕਰਨਲ ਦੀ ਅਗਵਾਈ 'ਚ ਭਾਰਤੀ ਫ਼ੌਜੀਆਂ ਦੀ ਇਕ ਟੁਕੜੀ ਗਲਵਾਨ ਘਾਟੀ ਹਾਲਾਤ ਦਾ ਜਾਇਜ਼ਾ ਲੈਣ ਗਏ ਸਨ। ਇਸੇ ਦੌਰਾਨ ਚੀਨੀ ਸੈਨਿਕਾਂ ਨੇ ਕੰਡੇਦਾਰ ਤਾਰਾਂ ਵਾਲੇ ਲੋਹੇ ਦੇ ਡੰਡਿਆਂ, ਰਾਡਾਂ ਅਤੇ ਪੱਥਰਾਂ ਨਾਲ ਭਾਰਤੀ ਸੈਨਿਕਾਂ 'ਤੇ ਹਮਲਾ ਕਰ ਦਿਤਾ ਸੀ। ਇਸ ਝੜਪ ਦੌਰਾਨ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਚੀਨ ਵਾਲੇ ਪਾਸੇ ਵੀ 43 ਫ਼ੌਜੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਇਸ ਮਾਮਲੇ 'ਚ ਕਾਂਗਰਸੀ ਆਗੂ ਵਲੋਂ ਜਿਸ ਤਰ੍ਹਾਂ ਸਰਕਾਰ 'ਤੇ ਵਾਰ ਵਾਰ ਹਮਲੇ ਕੀਤੇ ਜਾ ਰਹੇ ਹਨ, ਉਸ ਨੂੰ ਲੈ ਕੇ ਕਾਂਗਰਸ ਅਤੇ ਸਰਕਾਰ ਆਹਮੋ-ਸਾਹਮਣੇ ਆ ਗਏ ਹਨ। ਵਿਦੇਸ਼ ਮੰਤਰੀ ਵਲੋਂ ਦਿਤੇ ਗਏ ਜਵਾਬ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਬੁਲਾਰੇ ਸੰਬਿਤ ਪਾਤਰਾ ਵੀ ਰਾਹੁਲ ਗਾਂਧੀ 'ਤੇ ਹਮਲਾ ਬੋਲ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।