ਦੇਸ਼ ਨੂੰ ਵਿਸ਼ਵਾਸ ਕਿ ਮੋਦੀ ਸਹੀ ਸਮੇਂ ’ਤੇ ਸਹੀ ਫ਼ੈਸਲਾ ਲੈਣਗੇ : ਮਾਇਆਵਤੀ
20 ਭਾਰਤੀ ਫੌਜੀਆਂ ਦੀ ਸ਼ਹਾਦਤ ’ਤੇ ਚਿੰਤਾ ਜ਼ਾਹਰ ਕੀਤੀ
ਲਖਨਊ, 17 ਜੂਨ : ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਲੱਦਾਖ ’ਚ ਚੀਨ ਦੀ ਫੌਜ ਦੇ ਭਾਰਤੀ ਖੇਤਰ ’ਚ ਹਮਲੇ ਦੀ ਕੋਸ਼ਿਸ਼ ਅਤੇ 20 ਭਾਰਤੀ ਫੌਜੀਆਂ ਦੀ ਸ਼ਹਾਦਤ ’ਤੇ ਚਿੰਤਾ ਜ਼ਾਹਰ ਕੀਤੀ। ਮਾਇਆਵਤੀ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਵਿਸ਼ਵਾਸ ਹੈ ਕਿ ਕੇਂਦਰ ਸਰਕਾਰ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦੇ ਹਿਸਾਬ ਨਾਲ ਸਹੀ ਸਮੇਂ ’ਤੇ ਸਹੀ ਫ਼ੈਸਲਾ ਲਵੇਗੀ ਅਤੇ ਇਕ ਇੰਚ ਜ਼ਮੀਨ ਦਾ ਟੁੱਕੜਾ ਵੀ ਕਿਸੇ ਨੂੰ ਹੜੱਪਣ ਨਹੀਂ ਦੇਵੇਗੀ।
ਮਾਇਆਵਤੀ ਨੇ ਟਵੀਟ ਕੀਤਾ,‘‘ਲੱਦਾਖ ਖੇਤਰ ’ਚ ਚੀਨ ਨਾਲ ਝੜਪ ’ਚ ਕਰਨਲ ਸਮੇਤ 20 ਭਾਰਤੀ ਫ਼ੌਜੀਆਂ ਦੇ ਸ਼ਹਾਦਤ ਦੀ ਖ਼ਬਰ ਬੇਹੱਦ ਦੁਖੀ ਅਤੇ ਝੰਜੋੜ ਦੇਣ ਵਾਲੀ ਹੈ, ਖ਼ਾਸ ਕਰ ਕੇ ਉਦੋਂ ਜਦੋਂ ਭਾਰਤ ਸਰਕਾਰ ਦੋਹਾਂ ਦੇਸ਼ਾਂ ਦਰਮਿਆਨ ਸਰਹੱਦੀ ਵਿਵਾਦ ਅਤੇ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੂੰ ਹੁਣ ਜ਼ਿਆਦਾ ਸਾਵਧਾਨ ਅਤੇ ਸਮਝਦਾਰੀ ਨਾਲ ਦੇਸ਼ਹਿੱਤ ’ਚ ਕਦਮ ਚੁੱਕਣ ਦੀ ਜ਼ਰੂਰਤ ਹੈ।’’
ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਿਸ਼ਵਾਸ ਹੈ ਕਿ ਭਾਰਤ ਸਰਕਾਰ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦੇ ਹਿਸਾਬ ਨਾਲ ਸਹੀ ਸਮੇਂ ’ਤੇ ਸਹੀ ਫ਼ੈਸਲਾ ਲਵੇਗੀ ਅਤੇ ਦੇਸ਼ ਦੀ ਇਕ ਇੰਚ ਜ਼ਮੀਨ ਵੀ ਕਿਸੇ ਨੂੰ ਕਦੇ ਹੜੱਪਣ ਨਹੀਂ ਦੇਵੇਗੀ। ਚੰਗੀ ਗੱਲ ਹੈ ਕਿ ਸਰਕਾਰ ਦੀਆਂ ਕਮੀਆਂ ਨੂੰ ਭੁਲਾ ਕੇ ਅਜਿਹੇ ਸਮੇਂ ’ਚ ਪੂਰਾ ਦੇਸ਼ ਇਕਜੁਟ ਹੈ। ਹੁਣ ਸਰਕਾਰ ਨੂੰ ਜਨਤਾ ਦੀ ਉਮੀਦ ’ਤੇ ਖਰਾ ਉਤਰਨਾ ਹੈ। (ਏਜੰਸੀ)