ਚੀਨੀ ਦੂਤਖ਼ਾਨੇ ਅੱਗੇ ਸਾਬਕਾ ਫ਼ੌਜੀਆਂ ਦਾ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਫ਼ੌਜੀਆਂ ਦੀ ਸ਼ਹਾਦਤ

File Photo

ਨਵੀਂ ਦਿੱਲੀ, 17 ਜੂਨ : ਚੀਨੀ ਫ਼ੌਜੀਆਂ ਨਾਲ ਝੜਪ ਵਿਚ 20 ਭਾਰਤੀ ਫ਼ੌਜੀਆਂ ਦੇ ਮਾਰੇ ਜਾਣ ਦੇ ਵਿਰੋਧ ਵਿਚ ਸਾਬਕਾ ਫ਼ੌਜੀਆਂ ਨੇ ਚੀਨੀ ਸਫ਼ਾਰਤਖ਼ਾਨੇ ਅੱਗੇ ਪ੍ਰਦਰਸ਼ਨ ਕੀਤਾ। ਅਧਿਕਾਰੀਆਂ ਨੇ ਦਸਿਆ ਕਿ ਛੇ ਸੱਤ ਸਾਬਕਾ ਫ਼ੌਜੀਆਂ ਦਾ ਸਮੂਹ 'ਸ਼ਹੀਦ ਕਲਿਆਣ ਐਸੋਸੀਏਸ਼ਨ' ਦੇ ਬੈਨਰ ਹੇਠ ਵਿਰੋਧ ਪ੍ਰਦਰਸ਼ਨ ਕਰਨ ਲਈ ਦੂਤਖ਼ਾਨੇ ਅੱਗੇ ਆ ਗਿਆ। ਵਧੀਕ ਪੁਲਿਸ ਕਮਿਸ਼ਨ ਦੀਪਕ ਯਾਦਵ ਨੇ ਕਿਹਾ, 'ਅਸੀਂ ਉਨ੍ਹਾਂ ਨੂੰ ਉਥੋਂ ਹਟ ਜਾਣ ਲਈ ਆਖਿਆ ਅਤੇ ਉਹ ਤੁਰਤ ਉਥੋਂ ਚਲੇ ਗਏ।' ਪੁਲਿਸ ਨੇ ਕਿਹਾ ਕਿ ਸਾਰੇ ਪ੍ਰਦਰਸ਼ਨਕਾਰੀਆਂ ਨੇ ਮਾਸਕ ਪਾਏ ਹੋਏ ਸਨ ਅਤੇ ਸਮਾਜਕ ਦੂਰੀ ਨਿਯਮਾਂ ਦੀ ਪਾਲਣਾ ਕਰ ਰਹੇ ਸਨ।

ਸਵਦੇਸ਼ੀ ਜਾਗਰਣ ਮੰਚ ਨਾਲ ਜੁੜੇ 10 ਪ੍ਰਦਰਸ਼ਨਕਾਰੀਆਂ ਦਾ ਇਕ ਹੋਰ ਗਰੁਪ ਵੀ ਚੀਨ ਵਿਰੁਧ ਮੁਜ਼ਾਹਰਾ ਕਰਨ ਲਈ ਤੀਨ ਮੂਰਤੀ ਗੋਲ ਚੱਕਰ ਕੋਲ ਇਕੱਠਾ ਹੋਇਆ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਦੂਜੇ ਸਮੂਹ ਨੂੰ ਹਿਰਾਸਤ ਵਿਚ ਲੈ ਲਿਆ। (ਏਜੰਸੀ)

ਪ੍ਰਧਾਨ ਮੰਤਰੀ ਨੇ ਭਲਕੇ ਸਰਬਪਾਰਟੀ ਬੈਠਕ ਬੁਲਾਈ
ਨਵੀਂ ਦਿੱਲੀ, 17 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਚੀਨ ਸਰਹੱਦ 'ਤੇ ਤਾਜ਼ਾ ਹਾਲਾਤ ਬਾਰੇ ਚਰਚਾ ਕਰਨ ਲਈ ਸ਼ੁਕਰਵਾਰ ਨੂੰ ਸਰਬਪਾਰਟੀ ਡਿਜੀਟਲ ਬੈਠਕ ਬੁਲਾਈ ਹੈ। ਇਹ ਬੈਠਕ ਅਜਿਹੇ ਸਮੇਂ ਬੁਲਾਈ ਗਈ ਹੈ ਜਦ ਵਿਰੋਧੀ ਧਿਰ ਲਦਾਖ਼ ਦੀ ਗਲਵਾਨ ਘਾਟੀ ਵਿਚ ਭਾਰਤੀ ਅਤੇ ਚੀਨੀ ਫ਼ੌਜਾਂ ਵਿਚਾਲੇ ਹਿੰਸਕ ਝੜਪ ਦੀ ਵਿਸਤ੍ਰਿਤ ਜਾਣਕਾਰੀ ਮੰਗ ਰਹੀ ਹੈ।

ਇਸ ਝੜਪ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਹਨ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ, 'ਭਾਰਤ ਅਤੇ ਚੀਨ ਦੇ ਸਰਹੱਦੀ ਖੇਤਰਾਂ ਵਿਚ ਹਾਲਾਤ ਬਾਰੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਬਪਾਰਟੀ ਬੈਠਕ ਬੁਲਾਈ ਹੈ ਜੋ 19 ਜੂਨ ਨੂੰ ਦੁਪਹਿਰ ਬਾਅਦ ਪੰਜ ਵਜੇ ਹੋਵੇਗੀ। (ਏਜੰਸੀ)