15 ਜੁਲਾਈ ਨੂੰ ਯੂਏਈ ਪਹਿਲੀ ਵਾਰ ਲਾਂਚ ਕਰੇਗਾ ਅਪਣਾ ਮੰਗਲ ਮਿਸ਼ਨ
ਅਰਬ ਦੁਨੀਆ ਵਿਚ ਸੰਯੁਕਤ ਅਰਬ ਅਮੀਰਾਤ ਪਹਿਲਾ ਅਜਿਹਾ ਦੇਸ਼ ਹੋਵੇਗਾ ਜੋ ਮੰਗਲ ਗ੍ਰਹਿ ਲਈ ਮਿਸ਼ਨ ਲਾਂਚ ਕਰੇਗਾ।
ਅਰਬ ਦੁਨੀਆ ਵਿਚ ਸੰਯੁਕਤ ਅਰਬ ਅਮੀਰਾਤ ਪਹਿਲਾ ਅਜਿਹਾ ਦੇਸ਼ ਹੋਵੇਗਾ ਜੋ ਮੰਗਲ ਗ੍ਰਹਿ ਲਈ ਮਿਸ਼ਨ ਲਾਂਚ ਕਰੇਗਾ। ਆਉਣ ਵਾਲੇ ਦਿਨਾਂ ਵਿਚ ਸੰਯੁਕਤ ਅਰਬ ਅਮੀਰਾਤ ਅਪਣਾ ਮੰਗਲ ਮਿਸ਼ਨ ਲਾਂਚ ਕਰ ਦੇਵੇਗਾ। ਇਹ ਮਿਸ਼ਨ ਅਗਲੇ ਸਾਲ ਫ਼ਰਵਰੀ ਤਕ ਮੰਗਲ ਗ੍ਰਹਿ ਵਿਖੇ ਪਹੁੰਚੇਗਾ।
ਯੂਏਈ ਇਸ ਮਿਸ਼ਨ ਜ਼ਰੀਏ ਦਸਣਾ ਚਾਹੁੰਦਾ ਹੈ ਕਿ ਉਹ ਵੀ ਪੁਲਾੜ ਵਿਗਿਆਨ ਵਿਚ ਦੁਨੀਆ ਵਿਚ ਅੱਗੇ ਵਧ ਰਿਹਾ ਹੈ। ਸੰਯੁਕਤ ਅਰਬ ਅਮੀਰਾਤ 15 ਜੁਲਾਈ ਨੂੰ ਅਪਣਾ 'ਹੋਪ ਮਾਰਸ ਮਿਸ਼ਨ' ਸ਼ੁਰੂ ਕਰੇਗਾ। ਇਸ ਦੀ ਤਿਆਰੀ ਸਾਲ 2014 ਤੋਂ ਚਲ ਰਹੀ ਸੀ। ਇਸ ਮਿਸ਼ਨ ਦੇ ਪ੍ਰਾਜੈਕਟ ਮੈਨੇਜਰ ਓਮਰਾਨ ਸ਼ਰਾਫ਼ ਨੇ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਯੂਏਈ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿਚ ਗਿਣਿਆ ਜਾਵੇ ਜਿਹੜੇ ਮੰਗਲ 'ਤੇ ਪਹੁੰਚ ਚੁਕੇ ਹਨ। ਓਮਰਾਨ ਨੇ ਦਸਿਆ ਕਿ ਅਸੀ ਮੰਗਲ ਗ੍ਰਹਿ 'ਤੇ ਸੈਟੇਲਾਈਟ, ਰੋਵਰ ਜਾਂ ਰੋਬੋਟ ਨਹੀਂ ਉਤਾਰਨ ਜਾ ਰਹੇ।
ਇਸ ਦੀ ਬਜਾਏ ਉਹ ਇਸ ਦੇ ਆਲੇ ਦੁਆਲੇ ਚੱਕਰ ਕਟ ਰਹੇ ਸੈਟੇਲਾਈਟ ਲਾਂਚ ਕਰਨਗੇ, ਜੋ ਸਾਨੂੰ Martian year ਤੇ ਉਥੋਂ ਦੇ ਮੌਸਮ ਬਾਰੇ ਜਾਣਕਾਰੀ ਦੇਵੇਗਾ। ਇਸ ਮਿਸ਼ਨ ਦੀ ਡਿਪਟੀ ਪ੍ਰਾਜੈਕਟ ਮੈਨੇਜਰ ਸਾਰਾ-ਅਲ-ਅਮੀਰੀ ਨੇ ਦਸਿਆ ਕਿ ਯੂਏਈ ਦਾ ਮੰਗਲ ਮਿਸ਼ਨ ਦਸੇਗਾ ਕਿ ਮੰਗਲ ਗ੍ਰਹਿ ਦੇ ਵਾਤਾਵਰਣ ਵਿਚ ਲਗਾਤਾਰ ਹੋ ਰਹੇ ਬਦਲਾਅ ਦਾ ਕਾਰਨ ਕੀ ਹੈ।
ਮੰਗਲ ਗ੍ਰਹਿ ਦੀ ਸਤਾਹ 'ਤੇ ਕਿੰਨੀ ਆਕਸੀਜਨ ਅਤੇ ਹਾਈਡ੍ਰੋਜਨ ਹੈ। ਉਨ੍ਹਾਂ ਦਸਿਆ ਕਿ ਇਸ ਦੌਰਾਨ ਮਿਲਣ ਵਾਲੇ ਡਾਟੇ ਨੂੰ ਅਸੀ ਦੁਨੀਆ ਭਰ ਦੀਆਂ 200 ਤੋਂ ਜ਼ਿਆਦਾ ਸੰਸਥਾਵਾਂ ਨੂੰ ਸਟਡੀ ਕਰਨ ਲਈ ਦੇਵਾਂਗੇ। ਇਸ ਵਿਚ ਅਮਰੀਕੀ ਪੁਲਾੜ ਏਜੰਸੀ ਨਾਸਾ ਵੀ ਸ਼ਾਮਲ ਹੈ।