'ਮਨ ਕੀ ਬਾਤ' 'ਚ PM ਮੋਦੀ ਦਾ ਕਾਂਗਰਸ 'ਤੇ ਨਿਸ਼ਾਨਾ, ਕਿਹਾ- ਐਮਰਜੈਂਸੀ ਦੇ ਕਾਲੇ ਦੌਰ ਨੂੰ ਕੋਈ ਨਹੀਂ ਭੁੱਲ ਸਕਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐੱਮ ਮੋਦੀ ਨੇ ਬਿਪਰਜੋਏ ਦਾ ਵੀ ਕੀਤਾ ਜ਼ਿਕਰ

PM Modi

ਨਵੀਂ ਦਿੱਲੀ -  'ਮਨ ਕੀ ਬਾਤ' ਪ੍ਰਗੋਰਾਮ ਦੇ 102ਵੇਂ ਐਪੀਸੋਡ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪੀਐਮ ਨੇ ਪ੍ਰੋਗਰਾਮ ਵਿਚ ਚੱਕਰਵਾਤ ਬਿਪਰਜੋਏ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੱਛ ਦੇ ਲੋਕਾਂ ਨੇ ਜਿਸ ਦਲੇਰੀ ਨਾਲ ਬਿਪਰਜੋਏ ਦਾ ਸਾਹਮਣਾ ਕੀਤਾ, ਉਹ ਸ਼ਲਾਘਾਯੋਗ ਹੈ। 

ਪੀਐਮ ਨੇ ਕਿਹਾ ਕਿ ਗੁਜਰਾਤ ਦੇ ਕੱਛ ਦੇ ਲੋਕਾਂ ਨੇ ਦਿਖਾ ਦਿੱਤਾ ਹੈ ਕਿ ਉਨ੍ਹਾਂ ਦੇ ਸਾਹਸ ਅੱਗੇ ਕੋਈ ਨਹੀਂ ਟਿਕ ਸਕਦਾ। ਉਨ੍ਹਾਂ ਕਿਹਾ ਕਿ ਚੱਕਰਵਾਤ ਬਿਪਰਜੋਏ ਨੂੰ ਹਰਾਉਣ ਵਿਚ ਵੀ ਇਨ੍ਹਾਂ ਲੋਕਾਂ ਦਾ ਹੌਂਸਲਾ ਕੰਮ ਆਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਸਮੇਂ, ਦੋ ਦਹਾਕੇ ਪਹਿਲਾਂ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ, ਕੱਛ ਨੂੰ ਕਦੇ ਵੀ ਨਾ ਉਬਰ ਸਕਣ ਵਾਲਾ ਇਲਾਕਾ ਕਿਹਾ ਜਾਂਦਾ ਸੀ। ਅੱਜ ਉਹੀ ਜ਼ਿਲ੍ਹਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੇ ਜ਼ਿਲ੍ਹਿਆਂ ਵਿਚੋਂ ਇੱਕ ਹੈ। ਮੈਨੂੰ ਯਕੀਨ ਹੈ ਕਿ ਕੱਛ ਦੇ ਲੋਕ ਚੱਕਰਵਾਤ ਬਿਪਰਜੋਏ ਕਾਰਨ ਹੋਈ ਤਬਾਹੀ ਤੋਂ ਤੇਜ਼ੀ ਨਾਲ ਉਭਰਨਗੇ।  

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੋਈ ਵੀ ਵੱਡਾ ਟੀਚਾ ਹੋਵੇ, ਮੁਸ਼ਕਿਲ ਚੁਣੌਤੀ ਹੋਵੇ, ਭਾਰਤ ਦੇ ਲੋਕਾਂ ਦੀ ਸਮੂਹਿਕ ਸ਼ਕਤੀ ਹਰ ਚੁਣੌਤੀ ਦਾ ਹੱਲ ਕਰਦੀ ਹੈ। 
ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਇੰਦਰਾ ਸਰਕਾਰ ਦੌਰਾਨ ਦੇਸ਼ ਵਿਚ ਲਗਾਈ ਗਈ ਐਮਰਜੈਂਸੀ ਨੂੰ ਵੀ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐਮਰਜੈਂਸੀ ਦੇ ਕਾਲੇ ਦੌਰ ਨੂੰ ਕੋਈ ਨਹੀਂ ਭੁੱਲ ਸਕਦਾ।

ਓਹਨਾਂ ਨੇ ਕਿਹਾ ਕਿ ਅਸੀਂ 25 ਜੂਨ ਨੂੰ ਨਹੀਂ ਭੁੱਲ ਸਕਦੇ, ਜਿਸ ਦਿਨ ਐਮਰਜੈਂਸੀ ਲਗਾਈ ਗਈ ਸੀ। ਇਹ ਭਾਰਤ ਦੇ ਇਤਿਹਾਸ ਦਾ ਕਾਲਾ ਦੌਰ ਸੀ। ਲੱਖਾਂ ਲੋਕਾਂ ਨੇ ਆਪਣੀ ਪੂਰੀ ਤਾਕਤ ਨਾਲ ਐਮਰਜੈਂਸੀ ਦਾ ਵਿਰੋਧ ਕੀਤਾ। ਉਨ੍ਹੀਂ ਦਿਨੀਂ ਜਮਹੂਰੀਅਤ ਦੇ ਸਮਰਥਕਾਂ 'ਤੇ ਏਨਾ ਤਸ਼ੱਦਦ ਕੀਤਾ ਜਾਂਦਾ ਸੀ ਕਿ ਅੱਜ ਵੀ ਮਨ ਕੰਬ ਜਾਂਦਾ ਹੈ। ਅੱਜ ਜਦੋਂ ਅਸੀਂ ਅਜ਼ਾਦੀ ਦੇ ਅੰਮ੍ਰਿਤ ਦਾ ਜਸ਼ਨ ਮਨਾਉਂਦੇ ਹਾਂ ਤਾਂ ਸਾਨੂੰ ਅਜਿਹੇ ਅਪਰਾਧਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਹ ਨੌਜਵਾਨ ਪੀੜ੍ਹੀ ਨੂੰ ਲੋਕਤੰਤਰ ਦੇ ਅਰਥ ਅਤੇ ਮਹੱਤਵ ਬਾਰੇ ਸਿਖਾਏਗਾ।

ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੇ ਆਪਦਾ ਪ੍ਰਬੰਧਨ ਦੀ ਤਾਕਤ ਦਾ ਜੋ ਸਾਲਾਂ ਦੌਰਾਨ ਵਿਕਾਸ ਕੀਤਾ ਹੈ ਉਹ ਅੱਜ ਇੱਕ ਉਦਾਹਰਣ ਬਣ ਰਿਹਾ ਹੈ। ਕੁਦਰਤੀ ਆਫ਼ਤਾਂ ਦਾ ਮੁਕਾਬਲਾ ਕਰਨ ਦਾ ਇੱਕ ਵਧੀਆ ਤਰੀਕਾ ਹੈ ਕੁਦਰਤ ਦੀ ਸੰਭਾਲ ਕਰਨਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ 'ਕੈਚ ਦ ਰੇਨ' ਵਰਗੀਆਂ ਮੁਹਿੰਮਾਂ ਰਾਹੀਂ ਸਮੂਹਿਕ ਯਤਨ ਕਰ ਰਿਹਾ ਹੈ। ਪੀਐੱਮ ਮੋਦੀ ਨੇ ਕਿਹਾ ਕਿ ਇਸ ਸਾਲ ਯੋਗ ਦਿਵਸ ਦਾ ਵਿਸ਼ਾ ਵਸੂਧੈਵ ਕੁਟੁੰਬਕਮ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਮਤਲਬ 'ਇੱਕ ਸੰਸਾਰ ਇੱਕ ਪਰਿਵਾਰ' ਦੇ ਰੂਪ ਵਿੱਚ ਸਾਰਿਆਂ ਦੀ ਭਲਾਈ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੇਸ਼ ਦੇ ਕੋਨੇ-ਕੋਨੇ ਵਿਚ ਯੋਗਾ ਨਾਲ ਸਬੰਧਤ ਪ੍ਰੋਗਰਾਮ ਕਰਵਾਏ ਜਾਣਗੇ।