ਬਿਹਾਰ : ਨਿਤੀਸ਼ ਕੁਮਾਰ ਦੇ ਬੇਟੇ ਦੇ ਸਿਆਸਤ ’ਚ ਆਉਣ ਦੀਆਂ ਕਿਆਸਅਰਾਈਆਂ ਤੇਜ਼
ਜਨਤਾ ਦਲ (ਯੂ) ਇਸ ਮਹੀਨੇ ਦੇ ਅਖੀਰ ’ਚ ਦਿੱਲੀ ’ਚ ਹੋਣ ਵਾਲੀ ਅਪਣੀ ਕੌਮੀ ਕਾਰਜਕਾਰਨੀ ਦੀ ਬੈਠਕ ਦੀ ਤਿਆਰੀ ਕਰ ਰਹੀ ਹੈ
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਇਕਲੌਤੇ ਬੇਟੇ ਦੇ ਸਰਗਰਮ ਸਿਆਸਤ ’ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਚੱਲ ਰਹੀਆਂ ਹਨ। ਨਿਸ਼ਾਂਤ ਕੁਮਾਰ ਆਮ ਤੌਰ ’ਤੇ ਜਨਤਕ ਤੌਰ ’ਤੇ ਨਜ਼ਰ ਨਹੀਂ ਆਉਂਦੇ। ਉਹ ਅਪਣੇ ਪਿਤਾ ਨਾਲ ਜਨਤਕ ਤੌਰ ’ਤੇ ਬਹੁਤ ਘੱਟ ਵੇਖਿਆ ਗਿਆ ਹੈ।
ਪਿਛਲੇ ਕੁੱਝ ਹਫਤਿਆਂ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ 73 ਸਾਲ ਦੇ ਨਿਤੀਸ਼ ਕੁਮਾਰ ਅਪਣੇ ਪੁੱਤਰ ਨਿਸ਼ਾਂਤ ਨੂੰ ਰਸਮੀ ਤੌਰ ’ਤੇ ਜਨਤਾ ਦਲ (ਯੂ) ਵਿਚ ਸ਼ਾਮਲ ਕਰਨ ਦੀ ਪਾਰਟੀ ਦੇ ਅੰਦਰ ਦੀ ਮੰਗ ’ਤੇ ਸਹਿਮਤ ਹੋ ਸਕਦੇ ਹਨ। ਜੇ.ਡੀ. (ਯੂ) ਕੋਲ ਦੂਜੀ ਕਤਾਰ ਦੀ ਲੀਡਰਸ਼ਿਪ ਨਹੀਂ ਹੈ ਜੋ ਸੁਪਰੀਮੋ ਨਿਤੀਸ਼ ਕੁਮਾਰ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਦੀ ਥਾਂ ਲੈ ਸਕੇ।
ਸੋਮਵਾਰ ਨੂੰ ਅਟਕਲਾਂ ਤੇਜ਼ ਹੋ ਗਈਆਂ, ਜਦੋਂ ਪਾਰਟੀ ਨੇਤਾ ਅਤੇ ਰਾਜ ਖੁਰਾਕ ਕਮਿਸ਼ਨ ਦੇ ਮੁਖੀ ਬਿਦਿਆਨੰਦ ਵਿਕਲ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਪੋਸਟ ਕੀਤੀ। ਵਿਕਲ ਨੇ ਕਿਹਾ, ‘‘ਬਿਹਾਰ ਨੂੰ ਨਵੇਂ ਸਿਆਸੀ ਦ੍ਰਿਸ਼ ’ਚ ਨੌਜੁਆਨ ਲੀਡਰਸ਼ਿਪ ਦੀ ਲੋੜ ਹੈ। ਨਿਸ਼ਾਂਤ ਕੁਮਾਰ ’ਚ ਸਾਰੇ ਲੋੜੀਂਦੇ ਗੁਣ ਹਨ। ਮੈਂ ਜੇ.ਡੀ. (ਯੂ) ਦੇ ਕਈ ਸਾਥੀਆਂ ਦੀ ਰਾਏ ਨਾਲ ਸਹਿਮਤ ਹਾਂ ਕਿ ਉਨ੍ਹਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਅਤੇ ਸਿਆਸਤ ’ਚ ਸਰਗਰਮ ਹੋਣਾ ਚਾਹੀਦਾ ਹੈ।’’
ਹਾਲਾਂਕਿ, ਜਦੋਂ ਇਸ ਬਾਰੇ ਸਵਾਲ ਪੁੱਛੇ ਗਏ ਤਾਂ ਸੂਬਾ ਜਨਤਾ ਦਲ (ਯੂ) ਦੇ ਸਾਬਕਾ ਪ੍ਰਧਾਨ ਅਤੇ ਨਿਤੀਸ਼ ਕੁਮਾਰ ਕੈਬਨਿਟ ਦੇ ਸੱਭ ਤੋਂ ਪ੍ਰਭਾਵਸ਼ਾਲੀ ਮੰਤਰੀਆਂ ’ਚੋਂ ਇਕ ਵਿਜੇ ਕੁਮਾਰ ਚੌਧਰੀ ਨੇ ਦਾਅਵਾ ਕੀਤਾ ਕਿ ਇਹ ਅਟਕਲਾਂ ‘ਬੇਬੁਨਿਆਦ’ ਹਨ।
ਮੁੱਖ ਮੰਤਰੀ ਦੇ ਕਰੀਬੀ ਮੰਨੇ ਜਾਣ ਵਾਲੇ ਚੌਧਰੀ ਨੇ ਕਿਹਾ, ‘‘ਮੈਂ ਪਾਰਟੀ ਦੇ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਇਸ ਅਤਿ ਸੰਵੇਦਨਸ਼ੀਲ ਮੁੱਦੇ ’ਤੇ ਜਨਤਕ ਤੌਰ ’ਤੇ ਚਰਚਾ ਨਾ ਕਰਨ, ਇਸ ਦਾ ਕੋਈ ਆਧਾਰ ਨਹੀਂ ਹੈ ਪਰ ਇਸ ਨਾਲ ਲੋਕਾਂ ਦੇ ਮਨਾਂ ’ਚ ਸ਼ੱਕ ਪੈਦਾ ਹੋ ਸਕਦਾ ਹੈ।’’
ਜਦੋਂ ਪੱਤਰਕਾਰਾਂ ਨੇ ਸਪੱਸ਼ਟ ਤੌਰ ’ਤੇ ਪੁਛਿਆ ਕਿ ਕੀ ਮੁੱਖ ਮੰਤਰੀ ਨਾਲ ਉਨ੍ਹਾਂ ਦੀਆਂ ਮੀਟਿੰਗਾਂ ’ਚ ਇਸ ਮੁੱਦੇ ’ਤੇ ਕਦੇ ਚਰਚਾ ਹੋਈ ਸੀ, ਚੌਧਰੀ ਨੇ ਕਿਹਾ, ‘‘ਮੈਂ ਜੋ ਕਿਹਾ ਹੈ ਉਹ ਇਸ ਸਵਾਲ ਦਾ ਢੁਕਵਾਂ ਜਵਾਬ ਹੈ।’’
ਇਸ ਦੌਰਾਨ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਦੂਜੀ ਸੱਭ ਤੋਂ ਵੱਡੀ ਸਹਿਯੋਗੀ ਪਾਰਟੀ ਦੇ ਰੂਪ ’ਚ ਉਭਰੀ ਜਨਤਾ ਦਲ (ਯੂ) ਇਸ ਮਹੀਨੇ ਦੇ ਅਖੀਰ ’ਚ ਦਿੱਲੀ ’ਚ ਹੋਣ ਵਾਲੀ ਅਪਣੀ ਕੌਮੀ ਕਾਰਜਕਾਰਨੀ ਦੀ ਬੈਠਕ ਦੀ ਤਿਆਰੀ ਕਰ ਰਹੀ ਹੈ।
ਪਾਰਟੀ ਦੇ ਇਕ ਸੀਨੀਅਰ ਅਹੁਦੇਦਾਰ ਨੇ ਕਿਹਾ, ‘‘ਪਾਰਟੀ ਦੇ ਸੰਵਿਧਾਨ ਅਨੁਸਾਰ ਕੌਮੀ ਕਾਰਜਕਾਰਨੀ ਦੀਆਂ ਬੈਠਕਾਂ ਨਿਯਮਿਤ ਅੰਤਰਾਲਾਂ ’ਤੇ ਹੋਣੀਆਂ ਚਾਹੀਦੀਆਂ ਹਨ। ਆਦਰਸ਼ਕ ਤੌਰ ’ਤੇ , ਇਹ ਜੂਨ ਦੇ ਸ਼ੁਰੂ ’ਚ ਕੀਤੀ ਜਾਣਾ ਚਾਹੀਦੀ ਸੀ।’’ ਇਕ ਅਧਿਕਾਰੀ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ‘ਸਾਨੂੰ ਬੈਠਕ ’ਚ ਕਿਸੇ ਵੱਡੇ ਫੈਸਲੇ ਦੀ ਉਮੀਦ ਨਹੀਂ ਹੈ।’