ਪ੍ਰਧਾਨ ਮੰਤਰੀ ਨੇ ਕਿਸਾਨ ਸਨਮਾਨ ਨਿਧੀ ਦੀ 17ਵੀਂ ਕਿਸਤ ਜਾਰੀ ਕੀਤੀ, ਕਿਹਾ, ‘ਹੁਣ ਤਾਂ ਮਾਂ ਗੰਗਾ ਨੇ ਵੀ ਮੈਨੂੰ ਗੋਦ ਲੈ ਲਿਐ’
9.26 ਕਰੋੜ ਕਿਸਾਨਾਂ ’ਤੇ ਖਾਤੇ ’ਚ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਟਰਾਂਸਫਰ
ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਾਰਾਣਸੀ ਦੇ ਲੋਕਾਂ ਦਾ ਤੀਜੀ ਵਾਰ ਲੋਕ ਸਭਾ ’ਚ ਭੇਜਣ ’ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ‘‘ਹੁਣ ਤਾਂ ਮਾਂ ਗੰਗਾ ਨੇ ਮੈਨੂੰ ਗੋਦ ਲਿਆ ਹੈ, ਮੈਂ ਇੱਥੋਂ ਬਣ ਗਿਆ ਹਾਂ।’’
ਉਹ ਇੱਥੇ ਮਿਰਜ਼ਾਮੁਰਾਦ ਦੇ ਮਹਿੰਦੀਗੰਜ ਵਿਖੇ ਕਰਵਾਏ ਕਿਸਾਨ ਸਨਮਾਨ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ’ ਦੀ 17ਵੀਂ ਕਿਸਤ ਤਹਿਤ 20,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦੇਸ਼ ਭਰ ਦੇ 9.26 ਕਰੋੜ ਕਿਸਾਨਾਂ ਦੇ ਖਾਤਿਆਂ ’ਚ ਇਕ ਬਟਨ ਦਬਾ ਕੇ ਟਰਾਂਸਫਰ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਭੋਜਪੁਰੀ ਭਾਸ਼ਾ ’ਚ ਅਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ, ‘‘ਚੋਣਾਂ ਜਿੱਤਣ ਤੋਂ ਬਾਅਦ ਪਹਿਲੀ ਵਾਰ ਮੈਂ ਬਨਾਰਸ ਆਇਆ ਹਾਂ। ਕਾਸ਼ੀ ਦੇ ਲੋਕਾਂ ਨੂੰ ਮੇਰਾ ਪ੍ਰਣਾਮ।’’ ਮੋਦੀ ਨੇ ਕਿਹਾ, ‘‘ਬਾਬਾ ਵਿਸ਼ਵਨਾਥ ਅਤੇ ਮਾਂ ਗੰਗਾ ਦੇ ਆਸ਼ੀਰਵਾਦ ਨਾਲ ਕਾਸ਼ੀ ਦੇ ਲੋਕਾਂ ਦੇ ਅਥਾਹ ਪਿਆਰ ਨਾਲ ਮੈਨੂੰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਸੇਵਕ ਬਣਨ ਦਾ ਸੁਭਾਗ ਮਿਲਿਆ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਕਾਸ਼ੀ ਦੇ ਲੋਕਾਂ ਨੇ ਮੈਨੂੰ ਲਗਾਤਾਰ ਤੀਜੀ ਵਾਰ ਅਪਣਾ ਪ੍ਰਤੀਨਿਧੀ ਚੁਣ ਕੇ ਮੈਨੂੰ ਅਸ਼ੀਰਵਾਦ ਦਿਤਾ ਹੈ। ਹੁਣ ਤਾਂ ਮਾਂ ਗੰਗਾ ਨੇ ਵੀ ਮੈਨੂੰ ਗੋਦ ਲੈ ਲਿਆ ਹੈ, ਮੈਂ ਇੱਥੋਂ ਦਾ ਹੀ ਬਣ ਗਿਆ ਹਾਂ।’’ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਚੋਣਾਂ ਦੇਸ਼ ਦੇ ਲੋਕਤੰਤਰ ਦੀ ਵਿਸ਼ਾਲਤਾ, ਸਮਰੱਥਾ ਅਤੇ ਵਿਆਪਕਤਾ ਅਤੇ ਭਾਰਤ ਵਿਚ ਲੋਕਤੰਤਰ ਦੀਆਂ ਜੜ੍ਹਾਂ ਦੀ ਡੂੰਘਾਈ ਨੂੰ ਪੂਰੀ ਸਮਰੱਥਾ ਨਾਲ ਦੁਨੀਆਂ ਸਾਹਮਣੇ ਪੇਸ਼ ਕਰਦੀਆਂ ਹਨ।
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਬ੍ਰਜੇਸ਼ ਪਾਠਕ, ਖੇਤੀਬਾੜੀ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਭੁਪੇਂਦਰ ਸਿੰਘ ਚੌਧਰੀ ਉਨ੍ਹਾਂ ਪ੍ਰਮੁੱਖ ਨੇਤਾਵਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਕਿਸਾਨ ਸਨਮਾਨ ਸੰਮੇਲਨ ਵਿਚ ਉਨ੍ਹਾਂ ਦਾ ਸਵਾਗਤ ਕੀਤਾ। ਯੋਗੀ ਨੇ ਮੋਦੀ ਨੂੰ ਮੋਢੇ ’ਤੇ ਹਲ ਰੱਖੀ ਇਕ ਕਿਸਾਨ ਦਾ ਯਾਦਗਾਰੀ ਚਿੰਨ੍ਹ ਭੇਟ ਕੀਤਾ। ਤਿੰਨ ਕਿਸਾਨਾਂ... ਰਮੇਸ਼ ਸਾਹਨੀ, ਉਦੈਭਾਨੂ ਸਿੰਘ ਅਤੇ ਲਾਲ ਬਹਾਦੁਰ ਰਾਮ ਨੇ ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਨੂੰ ਪ੍ਰਸਾਦ ਨਹੀਂ ਦੇ ਰਹੇ, ਇਹ ਉਨ੍ਹਾਂ ਦਾ ਜਾਇਜ਼ ਹੱਕ ਹੈ : ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 17ਵੀਂ ਕਿਸਤ ਜਾਰੀ ਹੋਣ ਦੀਆਂ ਖਬਰਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਕਿਸਾਨਾਂ ਨੂੰ ਪ੍ਰਸਾਦ ਨਹੀਂ ਦਿਤਾ ਜਾ ਰਿਹਾ ਸਗੋਂ ਇਹ ਉਨ੍ਹਾਂ ਦਾ ਜਾਇਜ਼ ਹੱਕ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘‘ਜਿਵੇਂ ਹੀ 9 ਜੂਨ ਨੂੰ ਇਕ ਤਿਹਾਈ ਪ੍ਰਧਾਨ ਮੰਤਰੀ ਨੇ ਅਹੁਦਾ ਸੰਭਾਲਿਆ, ਅਜਿਹੀਆਂ ਖਬਰਾਂ ਆਈਆਂ ਕਿ ਪ੍ਰਧਾਨ ਮੰਤਰੀ ਵਲੋਂ ਦਸਤਖਤ ਕੀਤੀ ਗਈ ਪਹਿਲੀ ਫਾਈਲ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਦੀ 17ਵੀਂ ਕਿਸਤ ਜਾਰੀ ਕਰਨ ਨਾਲ ਸਬੰਧਤ ਹੈ।’’
ਰਮੇਸ਼ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਅੱਜ ਫਿਰ ਹਰ ਪਾਸੇ ਖ਼ਬਰਾਂ ਦੀ ਉਹੀ ਸਿਰਲੇਖ ਹੈ- ‘ਇਕ ਤਿਹਾਈ’ ਪ੍ਰਧਾਨ ਮੰਤਰੀ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਦੀ 17ਵੀਂ ਕਿਸਤ ਜਾਰੀ ਕਰਨਗੇ। ਇਸ ਤਰ੍ਹਾਂ ਸੁਰਖੀਆਂ ਨੂੰ ‘ਰੀਸਾਈਕਲ’ ਕੀਤਾ ਜਾਂਦਾ ਹੈ।’’ ਉਨ੍ਹਾਂ ਕਿਹਾ, ‘‘ਨਾਨ-ਬਾਇਉਲੋਜੀਕਲ’ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਕੋਈ ਪ੍ਰਸਾਦ ਨਹੀਂ ਦੇ ਰਹੇ ਹਨ। ਇਹ ਉਨ੍ਹਾਂ ਦਾ ਜਾਇਜ਼ ਅਧਿਕਾਰ ਅਤੇ ਹੱਕ ਹੈ।’’
ਲੋਕ ਸਭਾ ਚੋਣਾਂ ਤੋਂ ਬਾਅਦ ਵਾਰਾਣਸੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲੇ ਪ੍ਰੋਗਰਾਮ ਤੋਂ ਪਹਿਲਾਂ ਕਾਂਗਰਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਲੋਕਾਂ ਨੇ ਉਨ੍ਹਾਂ ’ਤੇ ਬੇਭਰੋਸਗੀ ਜ਼ਾਹਰ ਕੀਤੀ ਹੈ ਅਤੇ ਵੋਟਾਂ ਦੀ ਗਿਣਤੀ ਦੇ ਕਈ ਪੜਾਵਾਂ ’ਚ ਪਿੱਛੇ ਰਹਿਣ ਤੋਂ ਬਾਅਦ ਉਹ ਅਪਣੇ ਕਾਂਗਰਸੀ ਵਿਰੋਧੀ ਨੂੰ ਮੁਸ਼ਕਿਲ ਨਾਲ ਹਰਾ ਸਕੇ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨੂੰ ਅਪਣੇ ਹਲਕੇ ਨਾਲ ਜੁੜੇ ਮੁੱਦਿਆਂ ’ਤੇ ਨੌਂ ਸਵਾਲ ਪੁੱਛੇ ਅਤੇ ਪੁਛਿਆ ਕਿ ਇਨ੍ਹਾਂ ਦਾ ਧਿਆਨ ਕਿਉਂ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਨਮਾਮੀ ਗੰਗੇ ਪ੍ਰਾਜੈਕਟ ’ਤੇ 20,000 ਕਰੋੜ ਰੁਪਏ ਖਰਚ ਕਰਨ ਦੇ ਬਾਵਜੂਦ ਗੰਗਾ ਨਦੀ ਪਹਿਲਾਂ ਨਾਲੋਂ ਜ਼ਿਆਦਾ ਪ੍ਰਦੂਸ਼ਿਤ ਕਿਉਂ ਹੈ ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਲੋਕ ਸਭਾ ਚੋਣਾਂ ਦੌਰਾਨ ਵਾਰਾਣਸੀ ਸੰਸਦੀ ਸੀਟ ਲਈ 33 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਿਉਂ ਕੀਤੇ ਗਏ ਸਨ।