Ahmedabad plane crash: ਅਜੇ ਤਕ 208 ਪੀੜਤਾਂ ਦੀ ਹੋਈ ਸ਼ਨਾਖਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

32 ਵਿਦੇਸ਼ੀਆਂ ਸਮੇਤ 170 ਲੋਕਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਸੌਂਪੀਆਂ

Ahmedabad plane crash: 208 victims identified so far

Ahmedabad plane crash: ਅਹਿਮਦਾਬਾਦ ’ਚ ਪਿਛਲੇ ਹਫਤੇ ਹੋਏ ਏਅਰ ਇੰਡੀਆ ਦੇ ਜਹਾਜ਼ ਹਾਦਸੇ ’ਚ ਮਾਰੇ ਗਏ ਘੱਟੋ-ਘੱਟ 208 ਲੋਕਾਂ ਦੀ ਪਛਾਣ ਹੁਣ ਤਕ  ਡੀ.ਐਨ.ਏ. ਟੈਸਟ ਰਾਹੀਂ ਕੀਤੀ ਗਈ ਹੈ ਅਤੇ 32 ਵਿਦੇਸ਼ੀ ਨਾਗਰਿਕਾਂ ਸਮੇਤ 170 ਲਾਸ਼ਾਂ ਉਨ੍ਹਾਂ ਦੇ ਪਰਵਾਰਾਂ ਨੂੰ ਸੌਂਪੀਆਂ ਗਈਆਂ ਹਨ।

242 ਮੁਸਾਫ਼ਰਾਂ  ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਏ.ਆਈ.-171 12 ਜੂਨ ਨੂੰ ਅਹਿਮਦਾਬਾਦ ’ਚ ਹਾਦਸਾਗ੍ਰਸਤ ਹੋ ਗਈ ਸੀ। ਜਹਾਜ਼ ਦੇ ਮੈਡੀਕਲ ਕੰਪਲੈਕਸ ਨਾਲ ਟਕਰਾਉਣ ਨਾਲ ਜਹਾਜ਼ ਵਿਚ ਸਵਾਰ ਇਕ ਨੂੰ ਛੱਡ ਕੇ ਬਾਕੀ ਸਾਰੇ ਲੋਕਾਂ ਦੀ ਮੌਤ ਹੋ ਗਈ ਅਤੇ ਜ਼ਮੀਨ ਉਤੇ  ਹੀ ਲਗਭਗ 29 ਲੋਕਾਂ ਦੀ ਮੌਤ ਹੋ ਗਈ।

ਅਧਿਕਾਰੀ ਪੀੜਤਾਂ ਦੀ ਪਛਾਣ ਸਥਾਪਤ ਕਰਨ ਲਈ ਡੀ.ਐਨ.ਏ. ਟੈਸਟ ਕਰ ਰਹੇ ਹਨ ਕਿਉਂਕਿ ਬਹੁਤ ਸਾਰੀਆਂ ਲਾਸ਼ਾਂ ਪਛਾਣ ਤੋਂ ਬਾਹਰ ਸੜ ਗਈਆਂ ਸਨ ਜਾਂ ਨੁਕਸਾਨੀਆਂ ਗਈਆਂ ਸਨ।

ਅਹਿਮਦਾਬਾਦ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਰਾਕੇਸ਼ ਜੋਸ਼ੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਬਾਕੀ ਲਾਸ਼ਾਂ ਦੇ ਡੀਐਨਏ ਨਮੂਨਿਆਂ ਦਾ ਮਿਲਾਨ ਕਰਨ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ।

ਸੂਬਾ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ’ਚ ਸਵਾਰ ਵਿਅਕਤੀਆਂ ਅਤੇ ਜ਼ਮੀਨ ਉਤੇ  ਮਾਰੇ ਗਏ ਲੋਕਾਂ ਸਮੇਤ 250 ਪੀੜਤਾਂ ਦੇ ਨਮੂਨੇ ਪਛਾਣ ਲਈ ਇਕੱਤਰ ਕੀਤੇ ਗਏ ਸਨ।