ਕੋਰੋਨਾ ਦੇ ਮਰੀਜ਼ਾਂ ਵਿਚ ਵੱਧ ਰਹੇ ਟੀ.ਬੀ. ਦੇ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿਹਤ ਮੰਤਰਾਲੇ ਨੇ ਸਾਰੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਟੀ.ਬੀ. ਟੈਸਟ ਕਰਾਉਣ ਲਈ ਕਿਹਾ

Rising TB in corona patients Cases

ਨਵੀਂ ਦਿੱਲੀ : ਦੇਸ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਟੀ ਬੀ ਦੇ ਮਾਮਲੇ ਵਧਣ ਦੀਆਂ ਖਬਰਾਂ ਮਿਲ ਰਹੀਆਂ ਹਨ। ਇਸ ਦੇ ਮੱਦੇਨਜਰ ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਲਈ ਟੀਬੀ ਟੈਸਟ ਕਰਵਾਉਣ ਲਈ ਕਿਹਾ ਹੈ। ਇਸਦੇ ਨਾਲ ਹੀ ਟੀ ਬੀ ਦੇ ਮਰੀਜ਼ਾਂ ਲਈ ਕੋਰੋਨਾ ਟੈਸਟ ਦੀ ਵੀ ਸਿਫਾਰਸ਼ ਕੀਤੀ ਗਈ ਹੈ। ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ ਕੁੱਝ ਮੀਡੀਆ ਵਿਚ ਆਈਆਂ ਖਬਰਾਂ ਵਿਚ ਦੋਸ਼ ਲਗਾਇਆ ਗਿਆ ਹੈ ਕਿ ਕੋਰੋਨਾ ਦੇ ਮਰੀਜ਼ਾਂ ਵਿਚ ਅਚਾਨਕ ਟੀ ਬੀ ਦੇ ਮਾਮਲੇ ਵਧ ਰਹੇ ਹਨ।

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਡਾਕਟਰ ਵੀ ਹਰ ਰੋਜ਼ ਅਜਿਹੇ ਦਰਜਨਾਂ ਮਾਮਲਿਆਂ ਬਾਰੇ ਚਿੰਤਤ ਹਨ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਗੱਸਤ 2021 ਤਕ ਟੀਬੀ ਅਤੇ ਕੋਵਿਡ-19 ਮਾਮਲਿਆਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਵਿਚ ਬਿਹਤਰ ਨਿਗਰਾਨੀ ਅਤੇ ਇਕਸਾਰਤਾ ਲਿਆਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਿਹਤ ਮੰਤਰਾਲੇ ਨੇ ਟੀ ਬੀ-ਕੋਵੀਡ ਅਤੇ ਟੀਬੀ-ਆਈਐਲਆਈ/ਐਸਏਆਰਆਈ ਦੇ ਦੋ-ਟੈਸਟਾਂ ਦੀ ਜ਼ਰੂਰਤ ਨੂੰ ਦੁਹਰਾਉਂਦਿਆਂ ਕਈ ਸਲਾਹ-ਮਸ਼ਵਰੇ ਵੀ ਜਾਰੀ ਕੀਤੇ। ਕਈ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵੀ ਇਸ ਨੂੰ ਲਾਗੂ ਕਰ ਰਹੇ ਹਨ।

ਮੰਤਰਾਲੇ ਨੇ ਕਿਹਾ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਮਹਾਂਮਾਰੀ ਸਬੰਧੀ ਪਾਬੰਦੀਆਂ ਕਾਰਨ ਟੀ ਬੀ ਦੇ ਮਾਮਲਿਆਂ ਵਿਚ 25% ਦੀ ਕਮੀ ਆਈ ਹੈ, ਪਰ ਪ੍ਰਭਾਵ ਨੂੰ ਘਟਾਉਣ ਲਈ ਸਾਰੇ ਰਾਜਾਂ ਨੇ ਟੀ ਬੀ ਦੇ ਮਰੀਜ਼ਾਂ ਦਾ ਪਤਾ ਲਗਾਉਣ ਲਈ ਓਪੀਡੀ ਵਿਚ ਵਿਸੇਸ ਟੈਸਟ ਕੀਤੇ ਹਨ ਅਤੇ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਹਾਲਾਂਕਿ, ਫਿਲਹਾਲ ਇੰਨੇ ਜ਼ਿਆਦਾ ਸਬੂਤ ਨਹੀਂ ਹਨ ਜਿਸ ਦੇ ਅਧਾਰ ਤੇ ਇਹ ਜਾਣਿਆ ਜਾਂਦਾ ਹੈ ਕਿ ਟੀ ਬੀ ਦੇ ਮਰੀਜ਼ ਕੋਰੋਨਾ ਦੇ ਕਾਰਨ ਵੱਧ ਰਹੇ ਹਨ ਜਾਂ ਕੇਸਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਵਿਚ ਵਧੇਰੇ ਟੀ ਬੀ ਦੇ ਮਰੀਜ਼ ਆ ਰਹੇ ਹਨ। 

ਟੀ ਬੀ ਅਤੇ ਕੋਰੋਨਾ ਦੀ ਦੋਹਰੀ ਬਿਮਾਰੀ ਨੂੰ ਇਸ ਤੱਥ ਦੁਆਰਾ ਅੱਗੇ ਦਰਸ਼ਾਇਆ ਜਾ ਸਕਦਾ ਹੈ ਕਿ ਦੋਵੇਂ ਬਿਮਾਰੀਆਂ ਛੂਤਕਾਰੀ ਸਮਝੀਆਂ ਜਾਂਦੀਆਂ ਹਨ ਅਤੇ ਵਿਸੇਸ ਤੌਰ ’ਤੇ, ਦੋਵੇਂ ਲਾਗ ਫੇਫੜਿਆਂ ’ਤੇ ਹਮਲਾ ਕਰਦੀਆਂ ਹਨ। ਇਨ੍ਹਾਂ ਮਰੀਜਾਂ ਵਿਚ ਖੰਘ, ਬੁਖਾਰ ਅਤੇ ਸਾਹ ਲੈਣ ਵਿਚ ਮੁਸ਼ਕਲ ਵਰਗੇ ਲੱਛਣ ਪਾਏ ਜਾਂਦੇ ਹਨ।