92 ਸਾਲਾ ਭਾਰਤੀ ਪੰਜਾਬਣ 75 ਵਰ੍ਹਿਆਂ ਬਾਅਦ ਜੱਦੀ ਘਰ ਵੇਖਣ ਪਹੁੰਚੀ ਪਾਕਿਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

1965 'ਚ ਪਾਕਿ ਜਾਣ ਲਈ ਵੀਜ਼ੇ ਲਈ ਐਪਲੀਕੇਸ਼ਨ ਦਿੱਤੀ ਸੀ ਪਰ ਦੋਵੇਂ ਗੁਆਂਢੀ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਉਨ੍ਹਾਂ ਨੂੰ ਪਾਕਿ ਜਾਣ ਦੀ ਨਹੀਂ ਮਿਲੀ ਸੀ ਇਜਾਜ਼ਤ

A 92-year-old Indian Punjabi woman arrived in Pakistan after 75 years to see her ancestral home

 

ਲਾਹੌਰ : 92 ਸਾਲਾ ਭਾਰਤੀ ਔਰਤ ਰੀਨਾ ਛਿੱਬਰ ਆਪਣਾ ਜੱਦੀ ਘਰ ‘ਪ੍ਰੇਮ ਨਿਵਾਸ’ ਦੇਖਣ ਸਨਿਚਰਵਾਰ ਨੂੰ ਪਾਕਿਸਤਾਨ ਪਹੁੰਚੀ। ਪਾਕਿਸਤਾਨੀ ਹਾਈ ਕਮਿਸ਼ਨ ਨੇ ਸਦਭਾਵਨਾ ਦਿਖਾਉਂਦੇ ਹੋਏ ਰੀਨਾ ਛਿੱਬਰ ਨੂੰ 3 ਮਹੀਨਿਆਂ ਦਾ ਵੀਜ਼ਾ ਜਾਰੀ ਕੀਤਾ ਹੈ। ਸ਼ਨੀਵਾਰ ਸਵੇਰੇ ਜਿਵੇਂ ਹੀ ਰੀਨਾ ਵਾਹਘਾ ਬਾਰਡਰ ਰਾਹੀਂ ਪਾਕਿਸਤਾਨ ਵਿਚ ਦਾਖ਼ਲ ਹੋਈ ਤਾਂ ਉਸ ਦੀਆਂ ਅੱਖਾਂ ਭਰ ਆਈਆਂ। 

ਉਨ੍ਹਾਂ ਕਿਹਾ ਕਿ ਮੁਸਲਮਾਨਾਂ ਸਮੇਤ ਵੱਖ-ਵੱਖ ਭਾਈਚਾਰਿਆਂ ਦੇ ਲੋਕ ਮੇਰੇ ਭਰਾ-ਭੈਣਾਂ ਦੇ ਦੋਸਤ ਸਨ, ਜੋ ਸਾਡੇ ਘਰ ਆਉਂਦੇ ਸਨ। ਸਾਡੇ ਘਰ ਦੇ ਨੌਕਰ-ਚਾਕਰ ਵੀ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਸਨ। 1947 ਵਿਚ ਵੰਡ ਤੋਂ ਬਾਅਦ ਰੀਨਾ ਛਿੱਬਰ ਦਾ ਪ੍ਰਵਾਰ ਭਾਰਤ ਆ ਗਿਆ ਸੀ। ਉਹ ਉਸ ਸਮੇਂ 15 ਸਾਲਾਂ ਦੀ ਸੀ ਅਤੇ ਉਦੋਂ ਤੋਂ 75 ਵਰਿ੍ਹਆਂ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਉਹ ਅਪਣੇ ਜੱਦੀ ਘਰ ਨੂੰ ਆਪਣੇ ਮਨ ’ਚੋਂ ਕੱਢ ਨਹੀਂ ਸਕੀ। 

Rina Chibbar

ਰੀਨਾ ਨੇ 1965 ਵਿਚ ਪਾਕਿਸਤਾਨ ਜਾਣ ਲਈ ਵੀਜ਼ੇ ਲਈ ਅਪਲੀਕੇਸ਼ਨ ਦਿਤੀ ਸੀ ਪਰ ਦੋਵੇਂ ਗੁਆਂਢੀ ਦੇਸ਼ਾਂ ਵਿਚਾਲੇ ਜੰਗ ਕਾਰਨ ਤਣਾਅ ਦਰਮਿਆਨ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲੀ ਸੀ। ਉਨ੍ਹਾਂ ਨੇ 2021 ਵਿਚ ਸੋਸ਼ਲ ਮੀਡੀਆ ’ਤੇ ਆਪਣੇ ਜੱਦੀ ਘਰ ਜਾਣ ਦੀ ਇੱਛਾ ਪ੍ਰਗਟਾਈ ਸੀ ਜਿਸ ’ਤੇ ਸੱਜਾਦ ਹੈਦਰ ਨਾਮੀ ਇਕ ਪਾਕਿਸਤਾਨੀ ਨਾਗਰਿਕ ਨੇ ਉਸ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਘਰ ਦੀਆਂ ਫ਼ੋਟੋਆਂ ਭੇਜੀਆਂ ਸਨ। ਰੀਨਾ ਨੇ 2021 ਵਿਚ ਜੱਦੀ ਘਰ ਜਾਣ ਲਈ ਵੀਜ਼ੇ ਲਈ ਅਪਲੀਕੇਸ਼ਨ ਦਿਤੀ ਸੀ ਪਰ ਉਸ ਨੂੰ ਵੀ ਅਸਵੀਕਾਰ ਕਰ ਦਿਤਾ ਗਿਆ ਸੀ।