ਅੱਜ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਮਾਨਸੂਨ ਸੈਸ਼ਨ
ਵੱਖ-ਵੱਖ ਵਿਭਾਗਾਂ ਨਾਲ ਸਬੰਧਤ 32 ਬਿੱਲ ਹੋਣਗੇ ਪੇਸ਼, 14 ਬਿਲ ਤਿਆਰ : ਸਰਕਾਰ
ਨਵੀਂ ਦਿੱਲੀ : ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਵੱਖ-ਵੱਖ ਵਿਭਾਗਾਂ ਨੇ ਇਸ ਸੈਸ਼ਨ ਦੌਰਾਨ ਦੋਵਾਂ ਸਦਨਾਂ ਵਿਚ 32 ਬਿਲ ਪੇਸ਼ ਕਰਨ ਦੇ ਸੰਕੇਤ ਦਿਤੇ ਹਨ, ਜਿਨ੍ਹਾਂ ਵਿਚੋਂ 14 ਤਿਆਰ ਹਨ। ਸਰਕਾਰ ਨੇ ਇਹ ਵੀ ਕਿਹਾ ਕਿ ਉਹ ਇਨ੍ਹਾਂ ਸਾਰੇ ਬਿੱਲਾਂ ’ਤੇ ਲੋਕਤੰਤਰੀ ਢੰਗ ਨਾਲ ਚਰਚਾ ਕਰਨਾ ਚਾਹੁੰਦੀ ਹੈ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਥੇ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਇਹ ਵੀ ਕਿਹਾ ਕਿ ਇਨ੍ਹਾਂ ਵਿਚੋਂ ਕੁੱਝ ਬਿੱਲਾਂ ’ਤੇ ਸੰਸਦ ਦੀਆਂ ਸਥਾਈ ਕਮੇਟੀਆਂ ਵਲੋਂ ਪਹਿਲਾਂ ਹੀ ਚਰਚਾ ਕੀਤੀ ਜਾ ਚੁਕੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਵੱਖ-ਵੱਖ ਵਿਭਾਗਾਂ ਵਲੋਂ ਸੰਸਦ ਦੇ ਇਸ ਸੈਸ਼ਨ ਵਿਚ 32 ਬਿੱਲ ਪੇਸ਼ ਕਰਨ ਦੇ ਸੰਕੇਤ ਦਿਤੇ ਗਏ ਹਨ, ਜਿਨ੍ਹਾਂ ’ਚੋਂ 14 ਬਿਲ ਤਿਆਰ ਹਨ ਪਰ ਅਸੀਂ ਬਿਨਾਂ ਚਰਚਾ ਤੋਂ ਬਿਲ ਪਾਸ ਨਹੀਂ ਕਰਾਂਗੇ।’’
ਜੋਸ਼ੀ ਨੇ ਕਿਹਾ ਕਿ ਸਰਕਾਰ ਨੇ 45 ਪਾਰਟੀਆਂ ਨੂੰ ਸਰਬ ਪਾਰਟੀ ਮੀਟਿੰਗ ਲਈ ਸੱਦਾ ਦਿਤਾ ਸੀ, ਜਿਨ੍ਹਾਂ ਵਿਚੋਂ 36 ਨੇ ਹਿੱਸਾ ਲਿਆ।
ਉਨ੍ਹਾਂ ਕਿਹਾ, “ਮੈਂ ਮੀਟਿੰਗ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਦਾ ਧਨਵਾਦੀ ਹਾਂ। ਸੀਨੀਅਰ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕੁੱਝ ਮੁੱਦਿਆਂ ’ਤੇ ਚਰਚਾ ਕਰਨ ਦੀ ਮੰਗ ਕੀਤੀ।’’ ਉਨ੍ਹਾਂ ਕਿਹਾ, ‘‘ਚੁੱਕੇ ਗਏ ਮੁੱਦਿਆਂ ਵਿਚ ਉਨ੍ਹਾਂ ਸ਼ਬਦਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ‘ਗ਼ੈਰ-ਸੰਸਦੀ’ ਕਰਾਰ ਦਿਤਾ ਗਿਆ ਹੈ ਅਤੇ (ਸਰਕਾਰ ਵਲੋਂ) ਇਹ ਸਪੱਸ਼ਟ ਕੀਤਾ ਗਿਆ ਹੈ ਕਿ ਗ਼ੈਰ-ਸੰਸਦੀ ਵਾਕਾਂ ਦਾ ਸੰਗ੍ਰਹਿ ਲੰਮੇ ਸਮੇਂ ਤੋਂ ਹਰ ਸਾਲ ਕੀਤਾ ਜਾ ਰਿਹਾ ਹੈ।’’
ਜੋਸ਼ੀ ਨੇ 18 ਜੁਲਾਈ ਤੋਂ 12 ਅਗੱਸਤ ਤਕ ਹੋਣ ਵਾਲੇ ਮਾਨਸੂਨ ਸੈਸ਼ਨ ਲਈ ਸੂਚੀਬੱਧ ਵਿਧਾਨਕ ਕੰਮਕਾਜ ਬਾਰੇ ਕਿਹਾ, ‘ਅਸੀਂ 32 ਬਿੱਲਾਂ ਨੂੰ ਸੂਚੀਬੱਧ ਕੀਤਾ ਹੈ ਤਾਂ ਜੋ ਉਹ (ਵਿਰੋਧੀ ਧਿਰ) ਵੀ ਤਿਆਰ ਰਹਿਣ ਅਤੇ ਇਸ ਲਈ ਅਸੀਂ ਪਹਿਲਾਂ ਹੀ ਨੋਟਿਸ ਦੇ ਰਹੇ ਹਾਂ।’
’ ਉਨ੍ਹਾਂ ਕਿਹਾ, “ਅਸੀਂ ਸਿਰਫ਼ ਇਹ ਕਹਿ ਰਹੇ ਹਾਂ ਕਿ 14 ਬਿਲ ਤਿਆਰ ਹਨ ਅਤੇ ਅਸੀਂ ਹੋਰ ਵਿਚਾਰ ਕਰ ਸਕਦੇ ਹਾਂ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਸਾਰੇ ਬਿੱਲਾਂ ’ਤੇ ਲੋਕਤਾਂਤਰਿਕ ਤਰੀਕੇ ਨਾਲ ਚਰਚਾ ਕਰਨ ’ਚ ਵਿਸ਼ਵਾਸ ਰੱਖਦੇ ਹਾਂ। ਅਸੀਂ ਸਾਰੇ ਮਾਮਲਿਆਂ ’ਤੇ ਚਰਚਾ ਕਰਨ ਲਈ ਤਿਆਰ ਹਾਂ।’’