ਆਮ ਆਦਮੀ ਪਾਰਟੀ ਹੁਣ ‘ਇੰਡੀਆ’ ਬਲਾਕ ਦਾ ਹਿੱਸਾ ਨਹੀਂ: ਸੰਜੇ ਸਿੰਘ
‘ਇੰਡੀਆ’ ਬਲਾਕ ਪਾਰਟੀਆਂ ਦੇ ਨੇਤਾਵਾਂ ਦੀ ਆਨਲਾਈਨ ਬੈਠਕ ਤੋਂ ਪਹਿਲਾਂ ਕੀਤੀ ਹੈ।
ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਹੁਣ ਵਿਰੋਧੀ ਗਠਜੋੜ ਦਾ ਹਿੱਸਾ ਨਹੀਂ ਹੈ। ਪਾਰਟੀ ਨੇ ਇਸ ਦੀ ਅਗਵਾਈ ਕਰਨ ’ਚ ਕਾਂਗਰਸ ਪਾਰਟੀ ਦੀ ਭੂਮਿਕਾ ਉਤੇ ਸਵਾਲ ਚੁਕੇ ਹਨ।
ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਹ ਟਿਪਣੀ ਦੇਸ਼ ਦੀ ਮੌਜੂਦਾ ਸਿਆਸੀ ਸਥਿਤੀ ਉਤੇ ਚਰਚਾ ਕਰਨ ਲਈ ਸਨਿਚਰਵਾਰ ਸ਼ਾਮ ਨੂੰ ਹੋਣ ਵਾਲੀ ‘ਇੰਡੀਆ’ ਬਲਾਕ ਪਾਰਟੀਆਂ ਦੇ ਨੇਤਾਵਾਂ ਦੀ ਆਨਲਾਈਨ ਬੈਠਕ ਤੋਂ ਪਹਿਲਾਂ ਕੀਤੀ ਹੈ।
ਇਹ ਬੈਠਕ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਹੋ ਰਹੀ ਹੈ।
ਸੰਜੇ ਸਿੰਘ ਨੇ ਕਿਹਾ, ‘‘‘ਆਪ’ ਨੇ ਅਪਣਾ ਸਟੈਂਡ ਸਪੱਸ਼ਟ ਕਰ ਦਿਤਾ ਹੈ। ਇੰਡੀਆ ਬਲਾਕ (2024) ਲੋਕ ਸਭਾ ਚੋਣਾਂ ਲਈ ਸੀ। ਅਸੀਂ ਦਿੱਲੀ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਅਪਣੇ ਦਮ ਉਤੇ ਲੜੀਆਂ ਸਨ। ਅਸੀਂ ਬਿਹਾਰ ਚੋਣਾਂ ਇਕੱਲੇ ਲੜਨ ਜਾ ਰਹੇ ਹਾਂ। ਅਸੀਂ ਪੰਜਾਬ ਅਤੇ ਗੁਜਰਾਤ ਦੀਆਂ ਜ਼ਿਮਨੀ ਚੋਣਾਂ ਅਪਣੇ ਆਪ ਲੜੀਆਂ। ‘ਆਪ’ ਹੁਣ ‘ਇੰਡੀਆ’ ਦਾ ਹਿੱਸਾ ਨਹੀਂ ਹੈ। ਅਸੀਂ ਲੋਕ ਸਭਾ ਵਿਚ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਵਾਂਗੇ। ਅਸੀਂ ਹਮੇਸ਼ਾ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਈ ਹੈ।’’
ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਦਿੱਲੀ ਅਤੇ ਹਰਿਆਣਾ ਵਿਚ ਕਾਂਗਰਸ ਨਾਲ ਗਠਜੋੜ ਵਿਚ ਲੜੀਆਂ ਸਨ। ਕਾਂਗਰਸ ਦੀ ਆਲੋਚਨਾ ਕਰਦੇ ਹੋਏ ਸੰਜੇ ਸਿੰਘ ਨੇ ਵਿਰੋਧੀ ਧੜੇ ਦੀ ਅਗਵਾਈ ਕਰਨ ਵਿਚ ਕਾਂਗਰਸ ਦੀ ਭੂਮਿਕਾ ਉਤੇ ਸਵਾਲ ਚੁੱਕੇ।
ਉਨ੍ਹਾਂ ਕਿਹਾ, ‘‘ਇਹ ਬੱਚਿਆਂ ਦਾ ਖੇਡ ਨਹੀਂ ਹੈ। ਕੀ ਉਨ੍ਹਾਂ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਕੋਈ ਮੀਟਿੰਗ ਕੀਤੀ ਸੀ? ਕੀ ਇੰਡੀਆ ਬਲਾਕ ਦਾ ਵਿਸਥਾਰ ਕਰਨ ਲਈ ਕੋਈ ਪਹਿਲ ਕੀਤੀ ਗਈ ਸੀ? ਕਦੇ ਉਹ ਅਖਿਲੇਸ਼ ਯਾਦਵ, ਕਦੇ ਊਧਵ ਠਾਕਰੇ ਅਤੇ ਕਦੇ ਮਮਤਾ ਬੈਨਰਜੀ ਦੀ ਆਲੋਚਨਾ ਕਰਦੇ ਹਨ। ‘ਇੰਡੀਆ’ ਨੂੰ ਇਕਜੁੱਟ ਹੋਣਾ ਚਾਹੀਦਾ ਸੀ। ਕਾਂਗਰਸ ਇਸ ਬਲਾਕ ਦੀ ਸੱਭ ਤੋਂ ਵੱਡੀ ਪਾਰਟੀ ਹੈ। ਪਰ ਕੀ ਇਸ ਨੇ (ਵਿਰੋਧੀ ਧਿਰ ਦੀ ਏਕਤਾ ਨੂੰ ਯਕੀਨੀ ਬਣਾਉਣ ਵਿਚ) ਕੋਈ ਭੂਮਿਕਾ ਨਿਭਾਈ?’’
ਸਰਕਾਰ ਦਾ ਵਿਰੋਧ ਕਰਨ ’ਚ ‘ਆਪ’ ਦੀ ਭੂਮਿਕਾ ਬਾਰੇ ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਹਮੇਸ਼ਾ ਸੱਤਾਧਾਰੀ ਸਰਕਾਰ ਦਾ ਜ਼ੋਰਦਾਰ ਵਿਰੋਧ ਕਰਦੀ ਰਹੀ ਹੈ।