Delhi News : ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਮਿਲੇਗਾ ਦਿੱਲੀ ਗੁਰਦੁਆਰਾ ਕਮੇਟੀ ਦਾ ਸ਼੍ਰੋਮਣੀ ਰਾਗੀ ਦਾ ਪਹਿਲਾ ਪੁਰਸਕਾਰ
Delhi News : ਗੁਰੂ ਸਾਹਿਬਾਨ ਵੱਲੋਂ ਦਰਸਾਏ ਅਨੁਸਾਰ ਰਾਗਾਂ ’ਤੇ ਆਧਾਰਿਤ ਕੀਰਤਨ ਸਿੱਖਣਾ ਬਹੁ਼ਤ ਜ਼ਰੂਰੀ
Delhi News in Punjabi : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਚੈਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਭਲਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਸ਼੍ਰੋਮਣੀ ਰਾਗੀ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ ਤੇ ਇਸ ਤਹਿਤ 11 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ, ਸਰਦਾਰ ਕਾਹਲੋਂ ਅਤੇ ਸਰਦਾਰ ਕਰਮਸਰ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰੂ ਸਾਹਿਬਾਨ ਵੱਲੋਂ ਨਿਰਧਾਰਿਤ ਰਾਗਾਂ ’ਤੇ ਕੀਰਤਨ ਕਰਨ ਵਾਲੇ ਰਾਗੀਆਂ ਦੀ ਪਛਾਣ ਤੇ ਉਹਨਾਂ ਨੂੰ ਸਨਮਾਨਤ ਕਰਨ ਵਾਸਤੇ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿਚ ਸਿੰਘ ਬੰਧੂ ਸੁਰਿੰਦਰ ਸਿੰਘ, ਭਾਈ ਰਣਧੀਰ ਸਿੰਘ ਸ੍ਰੀ ਦਰਬਾਰ ਸਾਹਿਬ, ਡਾ. ਗੁਰਨਾਮ ਸਿੰਘ ਪੰਜਾਬੀ ਯੂਨੀਵਰਸਿਟੀ, ਡਾ. ਜਗੀਰ ਸਿੰਘ ਚੰਡੀਗੜ੍ਹ, ਡਾ ਗੁਰਿੰਦਰ ਸਿੰਘ ਬਟਾਲਾ, ਭਾਈ ਬਲਦੀਪ ਸਿੰਘ ਦਿੱਲੀ, ਪ੍ਰੋ. ਦਲਬੀਰ ਸਿੰਘ ਯੂ ਐਸ ਏ, ਭਾਈ ਕੁਲਤਾਰ ਸਿੰਘ ਦਿੱਲੀ, ਭਾਈ ਮਨੋਹਰ ਸਿੰਘ ਦਿੱਲੀ, ਭਾਈ ਗੁਰਮੀਤ ਸਿੰਘ ਸ਼ਾਂਤ ਅਤੇ ਪ੍ਰਿੰਸੀਪਲ ਸੁਖਵੰਤ ਸਿੰਘ ਸ਼ਾਮਲ ਸਨ।
ਉਹਨਾਂ ਦੱਸਿਆ ਕਿ ਅਸੀਂ ਇਹ ਫੈਸਲਾ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿੰਨੇ ਵੀ ਰਾਗ ਦਰਜ ਹਨ, ਉਹਨਾਂ ਮੁਤਾਬਕ ਗੁਰਬਾਣੀ ਕੀਰਤਨ ਕਰਨ ਵਾਲੇ ਕੀਰਤਨੀ ਸਿੰਘਾਂ ਵਿਚੋਂ ਚੋਣ ਕਰ ਕੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ 11 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਕਮੇਟੀ ਨੇ ਇਸ ਵਾਰ ਫੈਸਲਾ ਕੀਤਾ ਹੈ ਕਿ ਇਹ ਪੁਰਸਕਾਰ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਦਿੱਤਾ ਜਾਵੇ।
ਉਹਨਾਂ ਕਿਹਾ ਕਿ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਕ ਭਲਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ 11 ਲੱਖ ਰੁਪਏ ਦੇ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ।
ਉਹਨਾਂ ਕਿਹਾ ਕਿ ਸਾਡਾ ਯਤਨ ਇਹ ਹੈ ਕਿ ਇਸ ਵੇਲੇ ਜਦੋਂ ਸਮੁੱਚੀ ਮਾਰਕੀਟ ਵਿਚ ਗਾਣਿਆਂ ਦੇ ਆਧਾਰ ’ਤੇ ਸ਼ਬਦ ਗਾਇਨ ਹੋ ਰਿਹਾ ਹੈ, ਉਸਨੂੰ ਨਕੇਲ ਪਾਈ ਜਾਵੇ ਅਤੇ ਗੁਰੂ ਸਾਹਿਬਾਨ ਵੱਲੋਂ ਦੱਸੇ ਅਨੁਸਾਰ ਰਾਗਾਂ ’ਤੇ ਆਧਾਰਿਤ ਕੀਰਤਨ ਨੂੰ ਪ੍ਰਫੁੱਲਤ ਕੀਤਾ ਜਾਵੇ। ਉਹਨਾਂ ਕਿਹਾ ਕਿ ਰਾਗਾਂ ਅਨੁਸਾਰ ਹੀ ਸਾਨੂੰ ਕੀਰਤਨ ਕਰਨ ਦਾ ਹੁਕਮ ਗੁਰੂ ਸਾਹਿਬਾਨ ਨੇ ਦਿੱਤਾ ਹੈ ਤੇ ਜਿਹੜੇ ਕੀਰਤਨੀ ਸਿੰਘ ਗੁਰੂ ਸਾਹਿਬਾਨ ਦੇ ਹੁਕਮ ਮੁਤਾਬਕ ਕੀਰਤਨ ਕਰਦੇ ਹਨ, ਉਹਨਾਂ ਦਾ ਮਾਣ ਸਨਮਾਨ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਉਹਨਾਂ ਕਿਹਾ ਕਿ ਅਸੀਂ ਇਹ ਜ਼ਿੰਮੇਵਾਰੀ ਬਾਖੂਬੀ ਨਿਭਾਵਾਂਗੇ ਤੇ ਇਸ ਵਾਸਤੇ ਜੋ ਵੀ ਯਤਨ ਕਰਨ ਦੀ ਲੋੜ ਪਈ ਕਰਾਂਗੇ। ਉਹਨਾਂ ਕਿਹਾ ਕਿ ਨਿਮਾਣੇ ਯਤਨ ਵਜੋਂ ਅਸੀਂ 11 ਲੱਖ ਰੁਪਏ ਦੀ ਇਨਾਮੀ ਰਾਸ਼ੀ ਘੋਸ਼ਤ ਕੀਤੀ ਸੀ ਤੇ ਭਲਕੇ ਤੋਂ ਇਸ ਰਾਸ਼ੀ ਦੀ ਅਦਾਇਗੀ ਨਾਲ ਇਕ ਨਵੀਂ ਸ਼ੁਰੂਆਤ ਹੋ ਰਹੀ ਹੈ ਜਿਸ ਵਾਸਤੇ ਸਮੁੱਚੀ ਸੰਗਤ ਵਧਾਈ ਦੀ ਪਾਤਰ ਹੈ।
(For more news apart from Bhai Gurmeet Singh Shant receive first Shiromani Raagi award Delhi Gurdwara Committee News in Punjabi, stay tuned to Rozana Spokesman)