ਪਹਿਲੀ ਵਾਰ ਹੋਇਆ ਕੋਰੋਨਾ ਪੀੜਤ ਦੀ ਲਾਸ਼ ਦਾ ਪੋਸਟਪਾਰਟਮ, ਮਿਲਣਗੇ ਕੁੱਝ ਸਵਾਲਾਂ ਦੇ ਜਵਾਬ!
ਡਾਕਟਰ ਕੁੱਝ ਜਰੂਰੀ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਰਿਸਰਚ ਕਰ ਰਹੇ ਹਨ
ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਂਮਾਰੀ ਕਰ ਕੇ ਲੱਖਾਂ ਲੋਕਾਂ ਦੀ ਮੌਤ ਹੋ ਗਈ ਹੈ ਤੇ ਮਰੀਜ਼ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੀ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਨਹੀਂ ਦਿੱਤੀ ਜਾਂਦੀ। ਇਸ ਮੁਸ਼ਕਲ ਸਮੇਂ ਵਿਚ, ਭੋਪਾਲ ਏਮਜ਼ ਨੇ ਕੋਰੋਨਾ 'ਤੇ ਰਿਸਰਚ ਕਰਨ ਦਾ ਇਕ ਹੋਰ ਤਰੀਕਾ ਲੱਭਿਆ ਹੈ। ਦੇਸ਼ ਵਿਚ ਪਹਿਲੀ ਵਾਰ ਸੰਕਰਮਿਤ ਮਰੀਜ਼ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ।
ਮਾਹਰਾਂ ਅਨੁਸਾਰ ਇਸ ਪੋਸਟ ਮਾਰਟਮ ਤੋਂ ਸਰੀਰ ਦੇ ਅੰਗਾਂ ਉੱਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਦੀ ਵੀ ਜਾਂਚ ਕੀਤੀ ਜਾਵੇਗੀ। ਆਈ.ਸੀ.ਐੱਮ.ਆਰ. ਦੀ ਪ੍ਰਵਾਨਗੀ ਤੋਂ ਬਾਅਦ ਏਮਜ਼ ਭੋਪਾਲ ਵਿਚ ਇੱਕ 58 ਸਾਲਾ ਮਰੀਜ਼ ਦੀ ਮੌਤ ਤੋਂ ਬਾਅਦ ਡਾਕਟਰਾਂ ਨੇ ਲਾਸ਼ ਦਾ ਪੋਸਟਮਾਰਟਮ ਕਰਨ ਲਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਮਨਜ਼ੂਰੀ ਮੰਗੀ ਹੈ। ਇਹ ਪੋਸਟਮਾਰਟਮ ਐਤਵਾਰ ਨੂੰ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੀ ਸਹਿਮਤੀ ਤੋਂ ਬਾਅਦ ਕੀਤਾ ਗਿਆ।
ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ ਦੀ ਮੌਤ ਤੋਂ ਬਾਅਦ ਖੋਜ ਲਈ ਇਹ ਦੇਸ਼ ਵਿਚ ਪੋਸਟ ਮਾਰਟਮ ਦਾ ਪਹਿਲਾ ਕੇਸ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਸ਼ ਦਾ ਪੋਸਟਮਾਰਟਮ ਕਰਨ ਲਈ ਆਈਸੀਐੱਮਆਰ ਤੋਂ ਇਸ ਦੀ ਮਨਜ਼ੂਰੀ ਮੰਗੀ ਗਈ। ਪੋਸਟਮਾਰਟਮ ਦੌਰਾਨ ਡਾਕਟਰਾਂ ਦੇ ਸੰਕਰਮਿਤ ਹੋ ਜਾਣ ਦੇ ਡਰ ਤੋਂ ਆਈਸੀਐੱਮਆਰ ਨੇ ਇਸ ਰਿਸਰਚ ਨੂੰ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਪਰ ਏਮਜ਼ ਨੇ ਆਪਣੇ ਅਡਵਾਂਸ ਡਾਈਸੈਕਸ਼ਨ ਰੂਮ ਅਤੇ ਇੰਫੈਕਸ਼ਨ ਰੋਕਣ ਲਈ ਕੀਤਾ ਗਏ ਪ੍ਰਬੰਧਾਂ ਦੀ ਜਾਣਕਾਰੀ ਭੇਜੀ ਤਾਂ ਆਈਸੀਐੱਮਆਰ ਨੇ ਇਸ ਰਿਸਰਚ ਲਈ ਮਨਜ਼ੂਰੀ ਦੇ ਦਿੱਤੀ।
ਐਤਵਾਰ ਨੂੰ ਚਾਰ ਵਿਭਾਗਾਂ ਦੇ ਸਹਿਯੋਗ ਨਾਲ ਪੋਸਟਮਾਰਟਮ ਕਰ ਕੇ ਜਾਣਕਾਰੀ ਇਕੱਠੀ ਕੀਤੀ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਵਾਇਰਸ ਦੀ ਬਾਡੀ ਵਿਚ ਮੌਜੂਦਗੀ ਅਤੇ ਆਰਗਨਸ ਤੇ ਅਸਰ ਦੀ ਰਿਸਰਚ ਚੱਲ ਰਹੀ ਹੈ। ਉਹਨਾਂ ਕਿਹਾ ਕਿ ਅਜੇ ਤਾਂ ਸ਼ੁਰੂਆਤ ਕੀਤੀ ਗਈ ਹੈ ਤੇ ਕੁੱਲ 10 ਕੋਰੋਨਾ ਮਰੀਜ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਰਿਸਰਚ ਪੂਰੀ ਹੋਣ ਤੇ ਹੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਡਾਕਟਰ ਕੁੱਝ ਜਰੂਰੀ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਰਿਸਰਚ ਕਰ ਰਹੇ ਹਨ ਤੇ ਇਸ ਰਿਸਰਚ ਤੋਂ ਪਤਾ ਚੱਲੇਗਾ ਕਿ ਕੋਰੋਨਾ ਹੋਣ ਤੋਂ ਬਾਅਦ ਇਹ ਦਿਲ, ਦਿਮਾਗ, ਫੇਫੜਿਆਂ ਅਤੇ ਸਰੀਰ ਦੇ ਹੋਰ ਅੰਗਾਂ ਤੇ ਕਿੰਨਾ ਅਤੇ ਕੀ ਅਸਰ ਪਾਉਂਦਾ ਹੈ - ਇਹ ਸਰੀਰ ਦੇ ਕਿਹੜੇ ਹਿੱਸਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ।