EPFO ਦੇ ਲੱਖਾਂ ਮੈਂਬਰਾਂ, ਕਰਮਚਾਰੀਆਂ ਲਈ ਚੰਗੀ ਖ਼ਬਰ, ਯੋਜਨਾ ਵਿਚ ਹੋਏ ਬਦਲਾਅ ਨਾਲ ਹੋਵੇਗਾ ਫ਼ਾਇਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਈਪੀਐਫਓ ਦੇ ਲੱਖਾਂ ਮੈਂਬਰਾਂ, ਕਰਮਚਾਰੀਆਂ ਲਈ ਚੰਗੀ ਖ਼ਬਰ ਹੈ।  ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਯੋਜਨਾ ਵਿਚ ਸ਼ਾਮਲ ਹੋਣ ਲਈ ਮਹੀਨਾਵਾਰ ਤਨਖ਼ਾਹ ਦੀ ਸੀਮਾ ਵਧਾ ਦਿੱਤੀ ਹੈ।

EPFO

ਨਵੀਂ ਦਿੱਲੀ: ਈਪੀਐਫਓ ਦੇ ਲੱਖਾਂ ਮੈਂਬਰਾਂ, ਕਰਮਚਾਰੀਆਂ ਲਈ ਚੰਗੀ ਖ਼ਬਰ ਹੈ।  ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਯੋਜਨਾ ਵਿਚ ਸ਼ਾਮਲ ਹੋਣ ਲਈ ਮਹੀਨਾਵਾਰ ਤਨਖ਼ਾਹ ਦੀ ਸੀਮਾ ਵਧਾ ਦਿੱਤੀ ਹੈ। ਹੁਣ ਤੱਕ ਇਹ ਸੀਮਾ 6500 ਰੁਪਏ ਪ੍ਰਤੀ ਮਹੀਨੇ ਹੁੰਦੀ ਸੀ ਜੋ ਹੁਣ ਵਧਾ ਕੇ 15,000 ਰੁਪਏ ਪ੍ਰਤੀ ਮਹੀਨੇ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹੁਣ ਉਹਨਾਂ ਸਾਰੇ ਲੋਕਾਂ ਨੂੰ ਪੈਨਸ਼ਨ ਯੋਜਨਾ ਦਾ ਲਾਭ ਨਹੀਂ ਦਿੱਤਾ ਜਾਵੇਗਾ, ਜਿਨ੍ਹਾਂ ਦੀ ਮਹੀਨਾਵਾਰ ਤਨਖ਼ਾਹ ਯੋਜਨਾ ਵਿਚ ਸ਼ਾਮਲ ਹੋਣ ਸਮੇਂ 15 ਹਜ਼ਾਰ ਤੋਂ ਜ਼ਿਆਦਾ ਹੈ।

ਈਪੀਐਸ ਯੋਜਨਾ ਯਾਨੀ ਕਰਮਚਾਰੀ ਪੈਨਸ਼ਨ ਸਕੀਮ ਦੇ ਉਦੇਸ਼ ਨਾਲ ਤਨਖਾਹ ਵਿਚ ਮੁੱਢਲੀ ਤਨਖਾਹ ਅਤੇ ਮਹਿੰਗਾਈ ਭੱਤਾ ਜੋੜਿਆ ਜਾਂਦਾ ਹੈ। ਇਸ ਦੇ ਚਲਦਿਆਂ ਹੁਣ ਬਦਲੇ ਹੋਏ ਨਿਯਮਾਂ ਮੁਤਾਬਕ ਜੇਕਰ ਕਿਸੇ ਕਰਮਚਾਰੀ ਦੀ ਮੁੱਢਲੀ ਤਨਖਾਹ ਅਤੇ ਮਹਿੰਗਾਈ ਭੱਤਾ ਮਿਲਾ ਕੇ 15,000 ਰੁਪਏ ਪ੍ਰਤੀ ਮਹੀਨੇ ਤੋਂ ਜ਼ਿਆਦਾ ਬਣਦੀ ਹੈ ਤਾਂ ਉਸ ਨੂੰ ਈਪੀਐਸ ਦੀ ਯੋਗਤਾ ਨਹੀਂ ਰਹੇਗੀ।

ਕਰਮਚਾਰੀ ਪੈਨਸ਼ਨ ਸਕੀਮ (ਈਪੀਐਸ) ਮੁੱਖ ਤੌਰ ਤੇ ਕਰਮਚਾਰੀਆਂ ਦੇ ਲਾਭ ਲਈ ਇਕ ਸਮਾਜਿਕ ਸੁਰੱਖਿਆ ਸਕੀਮ ਹੈ। ਇਹ ਸਕੀਮ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਵੱਲੋਂ ਚਲਾਈ ਜਾਂਦੀ ਹੈ। ਇਹ ਯੋਜਨਾ ਉਹਨਾਂ ਕਰਮਚਾਰੀਆਂ ਨੂੰ ਪੈਨਸ਼ਨ ਪ੍ਰਦਾਨ ਕਰਦੀ ਹੈ ਜੋ 58 ਸਾਲ ਦੀ ਉਮਰ ਵਿਚ ਸੰਗਠਿਤ ਖੇਤਰ ਵਿਚ ਨੌਕਰੀ ਕਰ ਰਹੇ ਹਨ। ਇਸ ਯੋਜਨਾ ਦਾ ਲਾਭ ਉਹਨਾਂ ਨੂੰ ਹੀ ਦਿੱਤਾ ਜਾਂਦਾ ਹੈ ਜਿਹੜੇ ਘੱਟੋ ਘੱਟ 10 ਸਾਲਾਂ ਤੱਕ ਨੌਕਰੀ ਕਰ ਚੁੱਕੇ ਹੁੰਦੇ ਹਨ। ਖਾਸ ਗੱਲ ਇਹ ਹੈ ਕਿ ਇਸ ਵਿਚ ਲਗਾਤਾਰ ਨੌਕਰੀ ਕਰਨਾ ਲਾਜ਼ਮੀ ਨਹੀਂ ਹੈ।

ਈਪੀਐਸ ਦੇ ਲਾਭ

ਯੋਜਨਾ ਦਾ ਮੈਂਬਰ 58 ਸਾਲ ਦੀ ਉਮਰ ਵਿਚ ਸੇਵਾਮੁਕਤ ਹੋਣ ਤੋਂ ਬਾਅਦ ਪੈਨਸ਼ਨ ਲਾਭ ਲਈ ਯੋਗ ਹੋ ਜਾਂਦਾ ਹੈ। ਜੇਕਰ ਕੋਈ ਮੈਂਬਰ 58 ਸਾਲ ਦੀ ਉਮਰ ਤੋਂ ਪਹਿਲਾਂ 10 ਸਾਲ ਤੱਕ ਨੌਕਰੀ ਵਿਚ ਨਹੀਂ ਰਿਹਾ ਹੁੰਦਾ ਤਾਂ ਉਹ ਫਾਰਮ 10 C ਭਰ ਕੇ 58 ਸਾਲ ਦੀ ਉਮਰ ਹੋਣ ‘ਤੇ ਪੂਰੀ ਰਕਮ ਕੱਢ ਸਕਦਾ ਹੈ, ਪਰ ਉਸ ਨੂੰ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਨਹੀਂ ਮਿਲੇਗੀ। ਈਪੀਐਫਓ ਮੈਂਬਰ ਜੋ ਸਥਾਈ ਤੌਰ 'ਤੇ ਅਪਾਹਜ ਹੋ ਜਾਂਦਾ ਹੈ, ਉਸ ਨੂੰ ਮਹੀਨਾਵਾਰ ਪੈਨਸ਼ਨ ਮਿਲੇਗੀ,  ਭਾਵੇਂ ਉਸ ਨੇ 10 ਸਾਲ ਦੀ ਲੋੜੀਂਦੀ ਨੌਕਰੀ ਨਹੀਂ ਕੀਤੀ।

ਈਪੀਐਸ ਨਾਲ ਜੁੜਨ ਲਈ ਇਹ ਹੈ ਯੋਗਤਾ

  • ਸਭ ਤੋਂ ਪਹਿਲਾਂ ਸਕੀਮ ਦਾ ਲਾਭ ਲੈਣ ਲਈ ਲਈ ਈਪੀਐਫਓ ਦਾ ਮੈਂਬਰ ਹੋਣਾ ਜ਼ਰੂਰੀ ਹੈ।
  • ਤੁਹਾਡੀ ਨੌਕਰੀ ਨੂੰ ਘੱਟੋਂ ਘੱਟ ਇਕ ਦਹਾਕਾ ਯਾਨੀ 10 ਸਾਲ ਪੂਰੇ ਹੋਣੇ ਜ਼ਰੂਰੀ ਹਨ।

  • ਇਸ ਵਿਚ ਉਮਰ ਸੀਮਾ 58 ਸਾਲ ਤੱਕ ਹੋਣੀ ਲਾਜ਼ਮੀ ਹੈ।
  • ਜੇਕਰ ਤੁਹਾਡੀ ਉਮਰ 50 ਸਾਲ ਹੈ ਤਾਂ ਇਸ ਉਮਰ ਸੀਮਾ ਤੱਕ ਤੁਸੀਂ ਘੱਟ ਦਰ ‘ਤੇ ਅਪਣੀ ਈਪੀਐਸ ਦੀ ਰਾਸ਼ੀ ਲੈ ਸਕਦੇ ਹੋ।
  • ਇਸ ਯੋਜਨਾ ਵਿਚ ਤੁਸੀਂ 60 ਸਾਲ ਦੀ ਉਮਰ ਤੱਕ ਅਪਣੀ ਪੈਨਸ਼ਨ ਨੂੰ ਟਾਲ ਵੀ ਸਕਦੇ ਹੋ। ਅਜਿਹਾ ਕਰਨ ਤੋਂ ਬਾਅਦ ਤੁਹਾਨੂੰ ਪ੍ਰਤੀ ਸਾਲ 4 ਫੀਸਦੀ ਦੀ ਵਾਧੂ ਦਰ ਨਾਲ ਪੈਨਸ਼ਨ ਦਾ ਭੁਗਤਾਨ ਕੀਤਾ ਜਾਵੇਗਾ।