2024 ’ਚ ਅਮੇਠੀ ਤੋਂ ਚੋਣ ਲੜਨਗੇ ਰਾਹੁਲ ਗਾਂਧੀ : ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਪ੍ਰਿਅੰਕਾ ਗਾਂਧੀ ਜਿੱਥੇ ਵੀ ਚੋਣ ਲੜਨ ਉਨ੍ਹਾਂ ਨੂੰ ਜਿਤਾਉਣ ਲਈ ਅਸੀਂ ਜਾਨ ਲੜਾ ਦੇਵਾਂਗੇ

rahul gandhi priyanka gandhi

ਵਾਰਾਣਸੀ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਜੈ ਰਾਏ ਨੇ ਕਿਹਾ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਸੂਬੇ ਦੇ ਅਮੇਠੀ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ।

ਕਾਂਗਰਸ ਦੇ ਸੂਬਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਅਜੈ ਰਾਏ ਪਹਿਲੀ ਵਾਰੀ ਅਪਣੇ ਜੱਦੀ ਸ਼ਹਿਰ ਵਾਰਾਣਸੀ ਪੁੱਜੇ ਜਿੱਥੇ ਪਾਰੀ ਕਾਰਕੁਨਾਂ ਨੇ ਢੋਲ-ਨਗਾੜਿਆਂ ਅਤੇ ਫੁੱਲਾਂ ਦੀਆਂ ਮਾਲਾਵਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।

ਪੱਤਰਕਾਰਾਂ ਦੇ ਇਹ ਸਵਾਲ ਪੁੱਛੇ ਜਾਣ ’ਤੇ ਕਿ ਕੀ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਲੜਨਗੇ, ਰਾਏ ਨੇ ਕਿਹਾ, ‘‘ਰਾਹੁਲ ਗਾਂਧੀ ਯਕੀਨੀ ਤੌਰ ’ਤੇ ਅਮੇਠੀ ਤੋਂ ਲੋਕ ਸਭਾ ਚੋਣ ਲੜਨਗੇ, ਅਮੇਠੀ ਦੇ ਲੋਕ ਇੱਥੇ ਮੌਜੂਦ ਹਨ।’’

ਪ੍ਰਿਅੰਕਾ ਗਾਂਧੀ ਵਾਡਰਾ ਬਾਰੇ ਵੀ ਸੂਬਾ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ, ‘‘ਉਹ ਜਿੱਥੋਂ ਵੀ ਚੋਣ ਲੜਨਗੇ, ਭਾਵੇਂ ਬਨਾਰਸ ਤੋਂ, ਇੱਥੋਂ ਦਾ ਇਕ-ਇਕ ਕਾਰਕੁਨ ਉਨ੍ਹਾਂ ਲਈ ਜਾਨ ਲੜਾ ਦੇਵੇਗਾ। ਅਸੀਂ ਉਨ੍ਹਾਂ ਦੀ ਪੂਰੀ ਹਮਾਇਤ ਕਰਾਂਗੇ।’’

2014 ਅਤੇ 2019 ਦੀਆਂ ਆਮ ਚੋਣਾਂ ’ਚ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਕਾਂਗਰਸ ਦੇ ਉਮੀਦਵਾਰ ਰਾਏ ਨੂੰ ਦਲਿਤ ਨੇਤਾ ਬ੍ਰਿਜਲਾਲ ਖਾਬਰੀ ਦੀ ਥਾਂ ’ਤੇ ਤੁਰਤ ਪ੍ਰਭਾਵ ਨਾਲ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ।

2019 ਦੀਆਂ ਲੋਕ ਸਭਾ ਚੋਣਾਂ ਅਮੇਠੀ ਤੋਂ ਰਾਹੁਲ ਗਾਂਧੀ ਵਿਰੁਧ ਜਿਤ ਦਰਜ ਕਰਨ ਵਾਲੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਬਾਰੇ ਪੁੱਛੇ ਜਾਣ ’ਤੇ ਰਾਏ ਨੇ ਕਿਹਾ, ‘‘ਉਹ ਬੌਖਲਾਏ ਹੋਏ ਹਨ। ਸਮ੍ਰਿਤੀ ਨੇ ਕਿਹਾ ਸੀ ਕਿ ਜੇਕਰ ਤੁਸੀਂ ਕਮਲ ਦਾ ਬਟਨ ਦਬਾਓਗੇ ਤਾਂ ਤੁਹਾਨੂੰ 13 ਰੁਪਏ ਪ੍ਰਤੀ ਕਿਲੋ ਖੰਡ ਮਿਲੇਗੀ, ਕੀ ਉਹ ਇਹ ਕਰ ਸਕੀ? ਅਮੇਠੀ ਦੇ ਲੋਕ ਇੱਥੇ ਹਨ, ਉਨ੍ਹਾਂ ਨੂੰ ਪੁੱਛੋ। ਉਨ੍ਹਾਂ (ਇਰਾਨੀ) ਨੂੰ ਜਵਾਬ ਦੇਣਾ ਚਾਹੀਦਾ ਹੈ ਕਿ 13 ਰੁਪਏ ਕਿਲੋ ਚੀਨੀ ਕਿੱਥੇ ਗਈ।’’