ਦੇਸ਼ ਭਰ ’ਚ ਹਰ ਰੋਜ਼ UPI ਰਾਹੀਂ ਹੁੰਦਾ ਹੈ 90,000 ਕਰੋੜ ਰੁਪਏ ਦਾ ਲੈਣ-ਦੇਣ
ਮਹਾਂਰਾਸ਼ਟਰ ਦੇ ਲੋਕ ਸਭ ਤੋਂ ਜ਼ਿਆਦਾ UPI ਰਾਹੀਂ ਕਰਦੇ ਹਨ ਪੇਮੈਂਟ
ਨਵੀਂ ਦਿੱਲੀ : ਦੇਸ਼ ਭਰ ’ਚ ਹਰ ਰੋਜ਼ UPI ਰਾਹੀਂ 90,000 ਕਰੋੜ ਰੁਪਏ ਦਾ ਲੈਣ-ਦੇਣ ਹੁੰਦਾ ਹੈ। SBI ਦੀ ਰਿਪੋਰਟ ਅਨੁਸਾਰ ਅਗਸਤ ਵਿੱਚ UPI ਲੈਣ-ਦੇਣ ਦਾ ਰੋਜ਼ਾਨਾ ਔਸਤ ਮੁੱਲ 90,446 ਕਰੋੜ ਰੁਪਏ ਤੱਕ ਪਹੁੰਚ ਗਿਆ। ਜਨਵਰੀ 2025 ਵਿੱਚ ਇਹ ਅੰਕੜਾ 75,743 ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਜੁਲਾਈ ਵਿੱਚ ਲੈਣ-ਦੇਣ ਦਾ ਮੁੱਲ 80,919 ਕਰੋੜ ਰੁਪਏ ਸੀ। ਇਹ ਵਾਧਾ ਦੇਸ਼ ਦੀ ਨਕਦੀ ਰਹਿਤ ਅਰਥਵਿਵਸਥਾ ਅਤੇ ਡਿਜੀਟਲ ਲੈਣ-ਦੇਣ ਵਿੱਚ ਤੇਜ਼ੀ ਦਾ ਸੰਕੇਤ ਹੈ।
UPI ਰਾਹੀਂ ਹਰ ਰੋਜ਼ 67 ਕਰੋੜ ਲੈਣ-ਦੇਣ : UPI ਲੈਣ-ਦੇਣ ਦੀ ਵੈਲਿਊ ਵੀ ਤੇਜ਼ੀ ਨਾਲ ਵਧ ਰਹੀ ਹੈ। ਜਨਵਰੀ 2025 ਵਿੱਚ ਪ੍ਰਤੀ ਦਿਨ ਔਸਤਨ 548 ਮਿਲੀਅਨ (54.8 ਕਰੋੜ) ਲੈਣ-ਦੇਣ ਹੋਏ ਸਨ, ਜੋ ਅਗਸਤ ਵਿੱਚ ਵੱਧ ਕੇ 675 ਮਿਲੀਅਨ (67.5 ਕਰੋੜ) ਹੋ ਗਏ ਹਨ।
ਮਹਾਰਾਸ਼ਟਰ ਵਿੱਚ ਹੁੰਦੀ ਹੈ UPII ਦੀ ਸਭ ਤੋਂ ਵੱਧ ਵਰਤੋਂ : ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਦੇ ਰਾਜ-ਵਾਰ UPI ਅੰਕੜਿਆਂ ਦੇ ਅਨੁਸਾਰ, UPI ਉਪਭੋਗਤਾਵਾਂ ਦੀ ਗਿਣਤੀ ਵਿੱਚ ਮਹਾਰਾਸ਼ਟਰ ਪਹਿਲੇ ਸਥਾਨ ’ਤੇ ਰਿਹਾ ਹੈ। ਜੁਲਾਈ ਵਿੱਚ, UPI ਲੈਣ-ਦੇਣ ਵਿੱਚ ਮਹਾਰਾਸ਼ਟਰ ਦਾ ਹਿੱਸਾ 9.8% ਸੀ। ਕਰਨਾਟਕ ਦਾ ਹਿੱਸਾ 5.5% ਅਤੇ ਉੱਤਰ ਪ੍ਰਦੇਸ਼ ਦਾ ਹਿੱਸਾ 5.3% ਸੀ।
ਭਾਰਤ ਨੇ ਤੇਜ਼ ਅਤੇ ਸੁਰੱਖਿਅਤ ਡਿਜੀਟਲ ਭੁਗਤਾਨ ਖੇਤਰ ਵਿੱਚ ਦੁਨੀਆ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ, ਭਾਰਤ ਨੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੀ ਬਦੌਲਤ ਡਿਜੀਟਲ ਲੈਣ-ਦੇਣ ਵਿੱਚ ਇਹ ਸਥਾਨ ਹਾਸਲ ਕੀਤਾ ਹੈ।
2016 ਵਿੱਚ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਵੱਲੋਂ ਸ਼ੁਰੂ ਕੀਤਾ ਗਿਆ UPI, ਅੱਜ ਦੇਸ਼ ’ਚ ਪੈਸੇ ਦੇ ਲੈਣ-ਦੇਣ ਦਾ ਸਭ ਤੋਂ ਸੌਖਾ ਅਤੇ ਪ੍ਰਸਿੱਧ ਤਰੀਕਾ ਬਣ ਗਿਆ ਹੈ। UPI ਦੀ ਮਦਦ ਨਾਲ, ਲੋਕ ਆਪਣੇ ਕਈ ਬੈਂਕ ਖਾਤਿਆਂ ਨੂੰ ਇੱਕ ਮੋਬਾਈਲ ਐਪ ਨਾਲ ਲਿੰਕ ਕਰ ਸਕਦੇ ਹਨ ਅਤੇ ਕੁਝ ਸਕਿੰਟਾਂ ਵਿੱਚ ਸੁਰੱਖਿਅਤ, ਘੱਟ ਲਾਗਤ ਵਾਲੇ ਲੈਣ-ਦੇਣ ਕਰ ਸਕਦੇ ਹਨ।