ਕਿਸਾਨਾਂ ਦੇ ਮੁੱਦੇ ‘ਤੇ ਬੋਲੇ ਰਾਹੁਲ ਖੇਤੀ ਬਿਲ ਨਾਲ ਮੋਦੀ ਸਰਕਾਰ ਵਧਾਏਗੀ ਅਪਣੇ ‘ਮਿੱਤਰਾਂ’ ਦਾ ਵਪਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਦੀ ਮੁਸ਼ਕਿਲਾਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਬਰਸੇ ਰਾਹੁਲ ਗਾਂਧੀ

Narendra Modi and Rahul Gandhi

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸੋਸ਼ਲ ਮੀਡੀਆ ਜ਼ਰੀਏ ਮੋਦੀ ਸਰਕਾਰ ‘ਤੇ ਹਮਲੇ ਬੋਲ ਰਹੇ ਹਨ। ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਬਰਸੇ। ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀ ਬਿਲ ਨਾਲ ਮੋਦੀ ਸਰਕਾਰ ਅਪਣੇ ਮਿੱਤਰਾਂ ਦਾ ਵਪਾਰ ਵਧਾਏਗੀ ਅਤੇ ਕਿਸਾਨ ਦੀ ਰੋਜ਼ੀ-ਰੋਟੀ ‘ਤੇ ਵਾਰ ਕਰੇਗੀ।

ਉਹਨਾਂ ਨੇ ਟਵੀਟ ਕੀਤਾ, ‘ ਕਿਸਾਨ ਦਾ ਮੋਦੀ ਸਰਕਾਰ ਤੋਂ ਵਿਸ਼ਵਾਸ ਉੱਠ ਚੁੱਕਾ ਹੈ ਕਿਉਂਕਿ ਸ਼ੁਰੂ ਤੋਂ ਮੋਦੀ ਜੀ ਦੀ ਕਥਨੀ ਤੇ ਕਰਨੀ ਵਿਚ ਫਰਕ ਰਿਹਾ ਹੈ- ਨੋਟਬੰਦੀ, ਗਲਤ ਜੀਐਸਟੀ ਅਤੇ ਡੀਜ਼ਲ ‘ਤੇ ਭਾਰੀ ਟੈਕਸ। ਜਾਗਰੂਕ ਕਿਸਾਨ ਜਾਣਦਾ ਹੈ- ਖੇਤੀ ਬਿਲ ਨਾਲ ਮੋਦੀ ਸਰਕਾਰ ਵਧਾਏਗੀ ਅਪਣੇ ‘ਮਿੱਤਰਾਂ’ ਦਾ ਵਪਾਰ ਅਤੇ ਕਰੇਗੀ ਕਿਸਾਨ ਦੀ ਰੋਜ਼ੀ-ਰੋਟੀ ‘ਤੇ ਵਾਰ।‘

ਜ਼ਿਕਰਯੋਗ ਹੈ ਕਿ ਖੇਤੀ ਬਿਲ ਮਾਮਲੇ ਵਿਚ ਸਰਕਾਰ ਨੂੰ ਕਿਸਾਨਾਂ ਅਤੇ ਸਿਆਸੀ ਧਿਰਾਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿਚ ਵੱਖ-ਵੱਖ ਥਾਵਾਂ ‘ਤੇ ਕਿਸਾਨ ਅਤੇ ਸਿਆਸੀ ਪਾਰਟੀਆਂ ਸੜਕਾਂ ‘ਤੇ ਵਿਰੋਧ ਕਰ ਰਹੀਆਂ ਹਨ। ਇਸ ਤੋਂ ਇਲਾਵਾ ਕਿਸਾਨ ਸੰਗਠਨਾਂ ਅਤੇ ਜਥੇਬੰਦੀਆਂ ਵੱਲੋਂ ਸੰਸਦ ਦਾ ਘਿਰਾਓ ਵੀ ਕੀਤਾ ਗਿਆ।

ਇਸ ਸਭ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਇਹਨਾਂ ਬਿਲਾਂ ਨਾਲ ਕਿਸਾਨਾਂ ਨੂੰ ਕਈ ਬੰਧਨਾਂ ਤੋਂ ਮੁਕਤੀ ਮਿਲੇਗੀ। ਪੀਐਮ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਛੋਟ ਮਿਲੇਗੀ ਅਤੇ ਵਿਚੋਲਿਆਂ ਤੋਂ ਬਚਾਅ ਹੋਵੇਗਾ। ਪੀਐਮ ਨੇ ਕਿਹਾ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਹੈ ਕਿ ਕਿਸਾਨਾਂ ਨੂੰ ਨਵਾਂ ਮੌਕਾ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਖੇਤੀਬਾੜੀ ਬਿਲਾਂ ਨੂੰ ਕਿਸਾਨਾਂ ਲਈ ਰੱਖਿਆ ਕਵਚ ਦੱਸਿਆ ਹੈ।