E.V.M. ’ਚ ਨਜ਼ਰ ਆਉਣਗੀਆਂ ਉਮੀਦਵਾਰਾਂ ਦੀਆਂ ਰੰਗਦਾਰ ਤਸਵੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣ ਪ੍ਰਕਿਰਿਆ ਨੂੰ ਹੋਰ ਬਿਹਤਰ ਬਣਾਉਣ ਲਈ ਚੁੱਕਿਆ ਗਿਆ ਕਦਮ

Colourful pictures of candidates will be visible in EVMs

EVM news  : ਭਾਰਤੀ ਚੋਣ ਕਮਿਸਨ ਨੇ ਈ.ਵੀ.ਐਮ. ਬੈਲਟ ਪੇਪਰਾਂ ਦੀ ਸਪੱਸ਼ਟਤਾ ਅਤੇ ਪੜ੍ਹਨਯੋਗਤਾ ਨੂੰ ਹੋਰ ਬਿਹਤਰ ਬਣਾਉਣ ਲਈ ਚੋਣ ਸੰਚਾਲਨ ਨਿਯਮ, 1961 ਦੇ ਨਿਯਮ 49ਬੀ ਤਹਿਤ ਮੌਜੂਦਾ ਦਿਸ਼ਾ-ਨਿਰਦੇਸ਼ਾਂ ਵਿਚ ਸੋਧ ਕੀਤੀ ਹੈ। ਇਹ ਪਹਿਲਕਦਮੀ ਚੋਣ ਪ੍ਰਕਿਰਿਆਵਾਂ ਨੂੰ ਸੁਚਾਰੂ ਅਤੇ ਹੋਰ ਬਿਹਤਰ ਬਣਾਉਣ ਅਤੇ ਵੋਟਰਾਂ ਲਈ ਸਹੂਲਤ ਵਧਾਉਣ ਦੇ ਮੱਦੇਨਜ਼ਰ ਪਿਛਲੇ 6 ਮਹੀਨਿਆਂ ਵਿਚ ਭਾਰਤੀ ਚੋਣ ਕਮਿਸ਼ਨ ਵਲੋਂ ਪਹਿਲਾਂ ਹੀ ਕੀਤੀਆਂ ਗਈਆਂ 28 ਪਹਿਲਕਦਮੀਆਂ ਦੀ ਤਰਜ ’ਤੇ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦਸਿਆ ਕਿ ਇਸ ਵਾਰ ਈਵੀਐਮ ਬੈਲਟ ਪੇਪਰ ’ਤੇ ਉਮੀਦਵਾਰਾਂ ਦੀਆਂ ਰੰਗਦਾਰ ਤਸਵੀਰਾਂ ਹੋਣਗੀਆਂ ਸਹੀ ਤੇ ਸਪੱਸ਼ਟ ਦਿਖਣ ਲਈ ਉਮੀਦਵਾਰ ਦਾ ਚਿਹਰਾ ਫ਼ੋਟੋ ਸਪੇਸ ਦੇ ਤਿੰਨ-ਚੌਥਾਈ ਹਿੱਸੇ ਵਿਚ ਨਜ਼ਰ ਆਵੇਗਾ।

ਉਮੀਦਵਾਰਾਂ/ਨੋਟਾ ਦੇ ਸੀਰੀਅਲ ਨੰਬਰ ਭਾਰਤੀ ਅੰਕਾਂ ਦੇ ਅੰਤਰਰਾਸ਼ਟਰੀ ਰੂਪ ਵਿਚ ਛਾਪੇ ਜਾਣਗੇ। ਫੌਂਟ ਦਾ ਸਾਈਜ 30 ਅਤੇ ਸਪੱਸ਼ਟਤਾ ਲਈ ਬੋਲਡ ਹੋਵੇਗਾ। ਇਕਸਾਰਤਾ ਨੂੰ ਯਕੀਨੀ ਬਣਾਉਣ ਲਈ, ਸਾਰੇ ਉਮੀਦਵਾਰਾਂ ਦੇ ਨਾਮ ਇਕੋ ਕਿਸਮ ਦੇ ਫੌਂਟ ਅਤੇ ਆਸਾਨੀ ਨਾਲ ਪੜ੍ਹੇ ਜਾਣ ਲਈ ਕਾਫੀ ਵੱਡੇ ਫੌਂਟ ਆਕਾਰ ਵਿਚ ਛਾਪੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਬੈਲਟ ਪੇਪਰ 70 ਪੇਪਰ ਉੱਤੇ ਛਾਪੇ ਜਾਣਗੇ। ਵਿਧਾਨ ਸਭਾ ਚੋਣਾਂ ਲਈ, ਨਿਰਧਾਰਤ ਆਰਜੀਬੀ ਵਾਲੇ ਗੁਲਾਬੀ ਰੰਗ ਦੇ ਪੇਪਰ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਬਿਹਾਰ ਵਿਚ ਹੋਣ ਜਾ ਰਹੀਆਂ ਚੋਣਾਂ ਵਿਚ ਅੱਪਗ੍ਰੇਡ ਕੀਤੇ ਬੈਲਟ ਪੇਪਰਾਂ ਦੀ ਵਰਤੋਂ ਕੀਤੀ ਜਾਵੇਗੀ।