ਤਖ਼ਤ ਹਜ਼ੂਰ ਸਾਹਿਬ ਮੈਨੇਜਮੈਂਟ ਦੀ ਸੁਪਰੀਮ ਕੋਰਟ 'ਚ ਅਪੀਲ ਤੇ ਮਹਾਰਾਸ਼ਟਰ ਸਰਕਾਰ ਨੇ ਕਿਹਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਸਹਿਰੇ 'ਤੇ ਨਗਰ ਕੀਰਤਨ ਨਾ ਸਜਾਉਣ ਦੇਣ ਦਾ ਫ਼ੈਸਲਾ ਸੋਚ ਸਮਝ ਕੇ ਕੀਤਾ

image

ਨਵੀਂ ਦਿੱਲੀ, 18 ਅਕਤੂਬਰ: ਮਹਾਰਾਸ਼ਟਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਨਾਂਦੇੜ ਦੇ ਤਖ਼ਤ ਹਜ਼ੂਰ ਸਾਹਿਬ ਨੂੰ ਰਵਾਇਤ ਅਨੁਸਾਰ ਕੋਵਿਡ-19 ਦੇ ਦੌਰ ਵਿਚ ਦੁਸਹਿਰੇ 'ਤੇ ਨਗਰ ਕੀਰਤਨ ਸਜਾਉਣ ਦੀ ਆਗਿਆ ਦੇਣਾ ਅਮਲੀ ਤੌਰ 'ਤੇ ਸਹੀ ਨਹੀਂ ਹੈ”ਅਤੇ ਰਾਜ ਸਰਕਾਰ ਨੇ ਮਹਾਂਮਾਰੀ ਕਾਰਨ ਧਾਰਮਕ ਤਿਉਹਾਰਾਂ 'ਤੇ ਜਲੂਸ ਜਾਂ ਨਗਰ ਕੀਰਤਨ ਸਜਾਉਣ 'ਤੇ ਰੋਕ ਲਾਉਣ ਦਾ ਫ਼ੈਸਲਾ ਬੜਾ ਸੋਚ ਸਮਝ ਕੇ ਕੀਤਾ ਹੈ। ਰਾਜ ਸਰਕਾਰ ਨੇ ਕਿਹਾ ਕਿ ਅਜਿਹੇ ਜਲੂਸਾਂ ਜਾਂ ਨਗਰ ਕੀਰਤਨਾਂ ਦੇ ਨਤੀਜੇ ਮਹਾਂਮਾਰੀ ਦੌਰਾਨ ਘਾਤਕ ਹੋ ਸਕਦੇ ਹਨ।

image


ਉਨ੍ਹਾਂ ਕਿਹਾ ਕਿ 16 ਅਕਤੂਬਰ ਨੂੰ ਮਹਾਰਾਸ਼ਟਰ ਵਿਚ ਕੋਵਿਡ-19 ਤੋਂ ਪ੍ਰਭਾਵਤ ਕੁਲ ਆਬਾਦੀ 15 ਲੱਖ 76 ਹਜ਼ਾਰ 62 ਸੀ ਅਤੇ 41,502 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਰਾਜ ਸਰਕਾਰ ਨੇ ਕਿਹਾ ਕਿ ਨਾਂਦੇੜ ਜ਼ਿਲ੍ਹੇ ਵਿਚ ਕੋਵਿਡ-19 ਤੋਂ ਪ੍ਰਭਾਵਤ ਲੋਕਾਂ ਦੀ ਗਿਣਤੀ 18,167 ਹੈ ਅਤੇ ਉਥੇ 478 ਲੋਕਾਂ ਦੀ ਮੌਤ ਹੋਈ ਹੈ। ਨਾਂਦੇੜ ਮਿਉਂਸਪਲ ਬਾਡੀ ਏਰੀਏ ਵਿਚ ਕੋਵਿਡ-19 ਤੋਂ ਪ੍ਰਭਾਵਤ ਲੋਕਾਂ ਦੀ ਗਿਣਤੀ 8,375 ਹੈ ਅਤੇ ਉਥੇ 224 ਲੋਕਾਂ ਦੀ ਮੌਤ ਹੋ ਗਈ ਹੈ। ਰਾਜ ਸਰਕਾਰ ਨੇ ਕਿਹਾ ਕਿ ਧਾਰਮਕ ਤਿਉਹਾਰਾਂ ਨੂੰ ਆਗਿਆ ਨਾ ਦੇਣ ਦਾ ਫ਼ੈਸਲਾ ਸੋਚ ਸਮਝ ਕੇ ਲਿਆ ਗਿਆ ਹੈ। ਸਰਕਾਰ ਨੇ ਕਿਹਾ ਕਿ ਇਹ ਫ਼ੈਸਲਾ ਪੂਰੀ ਤਰ੍ਹਾਂ ਜਾਇਜ਼ ਹੈ ਅਤੇ ਅਦਾਲਤ ਨੂੰ ਅਪਣੇ ਗ਼ੈਰ ਮਾਮੂਲੀ ਸੰਵਿਧਾਨਕ ਰਿੱਟ ਅਧਿਕਾਰ ਖੇਤਰ ਦੀ ਵਰਤੋਂ ਕਰ ਕੇ ਮਾਮਲੇ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ।


ਜਸਟਿਸ ਐਲ. ਨਾਗੇਸ਼ਵਰ ਰਾਉ ਦੀ ਅਗਵਾਈ ਵਾਲਾ ਬੈਂਚ ਸੋਮਵਾਰ ਨੂੰ ਪਟੀਸ਼ਨ 'ਤੇ ਸੁਣਵਾਈ ਕਰ ਸਕਦਾ ਹੈ, ਜਦੋਂ ਸੁਪਰੀਮ ਕੋਰਟ ਵਿਚ ਦੁਸਹਿਰੇ ਲਈ ਛੁੱਟੀਆਂ ਕੀਤੀਆਂ ਹੋਈਆਂ ਹਨ। ਬੈਂਚ ਨੇ ਮਹਾਰਾਸ਼ਟਰ ਸਰਕਾਰ ਤੋਂ 'ਨਾਂਦੇੜ ਸਿੱਖ ਗੁਰਦਵਾਰਾ ਸੱਚਖੰਡ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ ਬੋਰਡ' ਦੀ ਪਟੀਸ਼ਨ 'ਤੇ 16 ਅਕਤੂਬਰ ਨੂੰ ਜਵਾਬ ਮੰਗਿਆ ਸੀ। ਪਟੀਸ਼ਨ ਵਿਚ ਬੋਰਡ ਨੇ ਤਿੰਨ ਸਦੀਆਂ ਪੁਰਾਣੀ ਰਵਾਇਤ 'ਦੁਸਹਿਰਾ, ਦੀਪਮਾਲਾ ਅਤੇ ਗੁਰਤਾਗੱਦੀ' ਦਿਵਸ ਕੁੱਝ ਸ਼ਰਤਾਂ ਮਨਾਉਣ ਦੀ ਆਗਿਆ ਮੰਗੀ ਸੀ, ਜਦਕਿ ਰਾਜ ਸਰਕਾਰ ਨੇ ਅਪਣੇ ਹਲਫ਼ਨਾਮੇ ਵਿਚ ਕਿਹਾ ਹੈ ਕਿ ਉਸ ਨੇ ਸੋਚ ਸਮਝ ਕੇ ਹੀ ਧਾਰਮਕ ਤਿਉਹਾਰਾਂ ਤੇ ਵੱਡੀ ਗਿਣਤੀ ਵਿਚ ਲੋਕਾਂ ਦੇ ਇੱਕਤਰ ਹੋਣ 'ਤੇ ਰੋਕ ਲਗਾਈ ਹੈ ਤਾਂ ਜੋ ਕੋਰੋਨਾ ਦਾ ਪਸਾਰ ਨਾ ਹੋਵੇ।          (ਪੀ.ਟੀ.ਆਈ)