ਸਿੰਘੂ ਬਾਰਡਰ ’ਤੇ ਕਤਲ ਤੋਂ ਬਾਅਦ ਨਿਹੰਗ ਸਿੰਘਾਂ ਦਾ ਵੱਡਾ ਐਲਾਨ, 27 ਅਕਤੂਬਰ ਨੂੰ ਸੱਦੀ ਬੈਠਕ
ਨਿਹੰਗ ਸਿੰਘਾਂ ਕਿਹਾ, “ਸੰਗਤ ਹੁਕਮ ਕਰੇਗੀ ਤਾਂ ਪੰਜਾਬ ਵਾਪਸ ਚਲੇ ਜਾਵਾਂਗੇ।”
ਦਿੱਲੀ: ਸਿੰਘੂ ਬਾਰਡਰ ’ਤੇ ਬੇਅਦਬੀ ਕਰਨ ਤੋਂ ਬਾਅਦ ਹੋਏ ਕਤਲ ਦੇ ਮਾਮਲੇ ਵਿਚ ਹੁਣ ਤੱਕ 4 ਨਿਹੰਗ ਆਤਮ ਸਮਰਪਣ ਕਰ ਚੁੱਕੇ ਹਨ। ਇਸ ਮਾਮਲੇ ਨੂੰ ਲੈ ਕੇ ਨਿਹੰਗ ਸਿੰਘਾਂ ਵੱਲੋਂ ਪ੍ਰੈਸ ਕਾਨਫਰੰਸ ਵਿਚ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ 27 ਅਕਤੂਬਰ ਨੂੰ ਇੱਕ ਮੀਟਿੰਗ ਸੱਦੀ ਹੈ, ਜਿਸ ਵਿਚ ਉਨ੍ਹਾਂ ਵਲੋਂ ਕਿਸਾਨ ਅਤੇ ਧਰਮ ਜਥੇਬੰਦੀਆਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਿਹੰਗ ਸਿੰਘਾਂ ਨੇ ਕਿਸਾਨ ਜਥੇਬੰਦੀਆਂ ਖਿਲਾਫ਼ ਵੀ ਮੋਰਚਾ ਖੋਲ੍ਹਦੇ ਹੋਏ ਉਨ੍ਹਾਂ ਨੂੰ ਚੈਲੰਜ ਕੀਤਾ ਹੈ।
ਨਿਹੰਗ ਸਿੰਘਾਂ ਨੇ ਕਿਹਾ ਕਿ ਜਦੋਂ ਤੋਂ ਹੀ ਇਹ ਕਿਸਾਨ ਮੋਰਚਾ ਸ਼ੁਰੂ ਹੋਇਆ ਹੈ ਅਸੀਂ ਉਦੋਂ ਤੋਂ ਹੀ ਇੱਥੇ ਢਾਲ ਬਣ ਕੇ ਬੈਠੇ ਹਾਂ। ਜਦ ਵੀ ਬੀਜੇਪੀ ਜਾਂ ਆਰਐਸਐਸ ਵੱਲੋਂ ਇੱਥੇ ਗੁੰਡਾਗਰਦੀ ਕੀਤੀ ਗਈ, ਨਿਹੰਗ ਸਿੰਘਾਂ ਨੇ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਰ ਹੁਣ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਨਿਹੰਗ ਸਿੰਘ ਫ਼ੌਜਾਂ ਵੱਲੋਂ ਸੋਦਾ ਲਾਇਆ ਗਿਆ, ਉਸ ‘ਚ ਸਭ ਨੇ ਵੇਖਿਆ ਕਿ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ ਅਤੇ ਸਿੰਘ ਭੱਜੇ ਨਹੀਂ। ਇਸ ਦਾ ਇੱਕ ਕਾਰਨ ਇਹ ਵੀ ਹੈ ਇਸ ਤੋਂ ਪਹਿਲਾਂ ਵੀ ਬਹੁਤ ਬੇਅਦਬੀਆਂ ਹੋਈਆਂ ਹਨ ਅਤੇ ਸਾਨੂੰ ਅਦਾਲਤਾਂ ਵੱਲੋਂ ਕੋਈ ਇਨਸਾਫ਼ ਨਹੀਂ ਮਿਲਿਆ।
ਨਿਹੰਗ ਸਿੰਘਾਂ ਨੇ ਕਿਹਾ ਕਿ ਚਾਹੇ ਕਿਸੇ ਵੀ ਧਰਮ ਦੀ ਬੇਅਦਬੀ ਹੋਵੇ, ਗੁਰੂ ਗ੍ਰੰਥ ਸਾਹਿਬ ਦੀ, ਕੁਰਾਨ ਦੀ ਜਾਂ ਰਮਾਇਣ ਦੀ, ਬੇਅਦਬੀ ਤਾਂ ਬੇਅਦਬੀ ਹੀ ਹੈ ਅਤੇ ਇਹ ਨੀਚ ਹਰਕਤ ਕਰਨ ਵਾਲਾ ਇਨਸਾਨ ਬਖਸ਼ਿਆ ਨਹੀਂ ਜਾ ਸਕਦਾ ਅਤੇ ਜੋ ਇਹ ਕਾਂਡ ਕਰਵਾ ਰਹੇ ਨੇ ਉਨ੍ਹਾਂ ਦੇ ਵੀ ਚਿਹਰੇ ਨੰਗੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਗੱਲ ਦਾ ਮੁੱਦਾ ਬਣਾਇਆ ਜਾ ਰਿਹਾ ਹੈ ਕਿ ਦਲਿਤ ਦਾ ਕਤਲ ਕਰ ਦਿੱਤਾ, ਪਰ ਗੁਰੂ ਦੀ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ। ਬੇਅਦਬੀ ਕਰਨ ਵਾਲੇ ਨੂੰ ਸਜ਼ਾ ਦੇਣ ਮਗਰੋਂ ਸਿੰਘ ਭੱਜੇ ਨਹੀਂ ਅਤੇ ਉਨ੍ਹਾਂ ਨੇ ਹੱਸਦਿਆਂ ਗ੍ਰਿਫ਼ਤਾਰੀਆਂ ਦਿੱਤੀਆਂ। ਪਰ ਹੁਣ ਲੋਕਾਂ ਨੂੰ ਇਸ ਨੂੰ ਦਲਿਤਾਂ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ।
ਇਸ ਦੇ ਨਾਲ ਹੀ, ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਅਤੇ ਬਿਆਨ ਦਿੱਤਾ ਗਿਆ ਸੀ ਕਿ ਨਿਹੰਗ ਜਥੇਬੰਦੀ ਅਤੇ ਮ੍ਰਿਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈ। ਇਸ ਦੇ ਨਾਲ ਹੀ ਯੋਗਿੰਦਰ ਯਾਦਵ ਨੇ ਬਿਆਨ ਦਿੱਤਾ ਕਿ ਨਿਹੰਗ ਸਿੰਘਾਂ ਲਈ ਅੰਦੋਲਨ ਵਿਚ ਕੋਈ ਜਗ੍ਹਾ ਨਹੀਂ ਹੈ। ਇਸ ਤੋਂ ਬਾਅਦ ਹੀ ਨਿਹੰਗ ਸਿੰਘਾਂ ਨੇ 27 ਅਕਤੂਬਰ ਨੂੰ ਮੀਟਿੰਗ ਦਾ ਐਲਾਨ ਕੀਤਾ ਹੈ, ਜਿਸ ਵਿਚ ਉਨ੍ਹਾਂ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਪੰਥਕ ਜਥੇਬੰਦੀਆਂ ਨੂੰ ਸੱਦਾ ਦਿੱਤਾ ਅਤੇ ਮੀਟਿੰਗ ਵਿਚ ਪਹੁੰਚ ਉਨ੍ਹਾਂ ਨੂੰ ਸੁਝਾਅ ਦੇਣ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਜਾਣਬੁੱਝ ਕੇ ਹਿੰਸਕ ਆਖਿਆ ਜਾ ਰਿਹਾ ਹੈ ਅਤੇ ਇੱਥੋਂ ਜਾਣ ਲਈ ਕਿਹਾ ਜਾ ਰਿਹਾ ਹੈ, ਜਦਕਿ ਅਸੀਂ ਸ਼ੁਰੂ ਤੋਂ ਹੀ ਇੱਥੇ ਹੀ ਸੇਵਾ ਨਿਭਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਮੀਟਿੰਗ ਸੱਦੀ ਹੈ ਅਤੇ ਇਸ ਵਿਚ ਅਸੀਂ ਦੇਸ਼-ਵਿਸੇਸ਼ ਦੀਆਂ ਸੰਗਤਾਂ ਜਾ ਪ੍ਰਬੰਧਕ ਕਮੇਟੀਆਂ ਜੋ ਇੱਥੇ ਸੇਵਾਵਾਂ ਭੇਜਦੀਆਂ ਹਨ ਉਨ੍ਹਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ 27 ਤਰੀਕ ਤੋਂ ਪਹਿਲਾਂ ਆਪਣੀ ਰਾਇ, ਈਮੇਲ ਜਾਂ ਵੱਟਸਅਪ ਨੰਬਰ ਰਾਹੀ ਸਾਡੇ ਤੱਕ ਭੇਜ ਕੇ ਦੱਸਣ ਕਿ ਨਿਹੰਗ ਸਿੰਘ ਜਥੇਬੰਦੀਆਂ ਇੱਥੋਂ ਚਲੇ ਜਾਣ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸਾਰੀਆਂ ਸੰਗਤਾਂ ਅਤੇ ਕਿਸਾਨ ਜਾਂ ਪੰਥਕ ਜਥੇਬੰਦੀਆਂ ਸਾਨੂੰ ਜਾਣ ਲਈ ਕਹਿਣਗੀਆਂ ਤਾਂ ਅਸੀਂ ਸਭ ਕੁਝ ਛੱਡ ਸਿੰਘੂ ਬਾਰਡਰ ਤੋਂ ਚਲੇ ਜਾਵਾਂਗੇ, ਜੇਕਰ ਨਹੀਂ ਤਾਂ ਅਸੀਂ ਇਵੇਂ ਹੀ ਡੱਟੇ ਰਹਾਂਗੇ।
ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਇਸ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਅਤੇ ਖ਼ਤਮ ਕਰਨ ਲਈ ਇਹ ਇੱਕ ਬਹੁਤ ਵੱਡੀ ਸਾਜਿਸ਼ ਰਚੀ ਗਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਕਿਸੇ ਨੂੰ ਭੇਜਣ ਪਿੱਛੇ ਬਹੁਤ ਵੱਡਾ ਮਕਸਦ ਹੈ ਜੋ ਕਿ ਬਾਹਰ ਆਉਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ, “ਇਸ ਬੇਅਦਬੀ ਦੀ ਸਚਾਈ ਕਦੇ ਬਾਹਰ ਨਹੀਂ ਨਿਕਲੇਗੀ ਕਿਉਂਕਿ ਹੁਣ ਤੱਕ ਇੰਨ੍ਹੀਆਂ ਬੇਅਦਬੀਆਂ ਹੋਈਆਂ ਜਿਨ੍ਹਾਂ ਦਾ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਤਾਂ ਇਸ ਕਾਂਡ ਦਾ ਇਨਸਾਫ਼ ਕਿਥੋਂ ਮਿਲੇਗਾ। ਪਰ ਅਸੀਂ ਚਾਹੁੰਦੇ ਹਾਂ ਕਿ ਇਸ ਦੀ ਤਹਿ ਤੱਕ ਜਾਇਆ ਜਾਵੇ।”
ਕਾਂਗਰਸੀ ਆਗੂ ਮਨਿੰਦਰਜੀਤ ਸਿੰਘ ਬਿੱਟਾ ਦੇ ਬਿਆਨ ’ਤੇ ਭੜਕੇ ਨਿਹੰਗ ਸਿੰਘਾਂ ਨੇ ਕਿਹਾ ਕਿ, “ਇਹ ਅੱਜ ਕਹਿ ਰਹੇ ਹਨ ਕਿ ਕੋਈ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਨਹੀਂ ਇਹ ਆਪ ਅਤਿਵਾਦੀ ਹਨ ਤਾਂ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ 1984 ’ਚ ਜੋ ਸਿੱਖਾਂ ’ਤੇ ਜ਼ੁਲਮ ਕੀਤਾ ਗਿਆ, ਉਸ ਦੇ ਸਬੂਤ ਤਾਂ ਕਾਂਗਰਸ ਕੋਲ ਮੌਜੂਦ ਹਨ, ਉਸ ਦਾ ਇਨਸਾਫ਼ ਅਜੇ ਤੱਕ ਕਿਉਂ ਨਹੀਂ ਦਿੱਤਾ ਗਿਆ?” ਉਨ੍ਹਾਂ ਕਿਹਾ ਕਿ ਅੀਤਵਾਦੀ ਉਹ ਲੋਕ ਹਨ ਜਿਹੜੇ ਲੋਕ ਇਨਸਾਨੀਅਤ ਦਾ ਕਤਲ ਕਰ ਰਹੇ ਹਨ, ਅਤਿਵਾਦੀ ਉਹ ਸਿਆਸੀ ਆਗੂ ਅਤੇ ਮੋਦੀ ਸਰਕਾਰ ਹੈ ਜੋ ਕਿਸਾਨਾਂ ’ਤੇ ਜ਼ੁਲਮ ਢਾਹ ਰਹੀ ਹੈ ਅਤੇ ਜੋ ਅਜੇ ਤੱਕ ਲਖਮਿਪੁਰ ਵਰਗੀਆਂ ਘਟਨਾਵਾਂ ਦਾ ਇਨਸਾਫ਼ ਨਹੀਂ ਦੇ ਸਕੀ।
ਉਨ੍ਹਾਂ ਕਿਹਾ ਕਿ ਜਦ ਕੋਰੋਨਾ ਮਹਾਂਮਾਰੀ ’ਚ ਸਾਡੇ ਲੋਕਾਂ ਨੇ ਲੰਗਰ ਲਗਾਏ, ਜਦ ਸਾਡੇ ਬੱਚੇ ਸਰਹੱਦਾਂ ’ਤੇ ਸ਼ਹੀਦ ਹੁੰਦੇ ਹਨ, ਉਦੋਂ ਉਹ ਅਤਿਵਾਦੀ ਨਹੀਂ ਹੁੰਦੇ? ਅਤਿਵਾਦੀ ਅਸੀਂ ਨਹੀਂ ਕੁਰਸੀਆਂ ’ਤੇ ਬੈਠੇ ਉਹ ਸਿਆਸੀ ਆਗੂ ਹਨ ਜਿਹੜੇ ਸਾਜਿਸ਼ਾਂ ਰੱਚਦੇ ਹਨ ਅਤੇ ਭਾਰਤ ਦੇ ਲੋਕਾਂ ਦੇ ਹੱਕਾਂ ਨੂੰ ਕੁਚਲਣਾ ਚਾਹੁੰਦੇ ਹਨ। ਨਿਹੰਗ ਸਿੰਘਾਂ ਨੇ ਕਿਹਾ ਜੇ ਇਨ੍ਹਾਂ ਲੀਡਰਾਂ ਵਿਚ ਹਿਮੰਤ ਹੈ ਅਤੇ ਜੇ ਇਹ ਸੱਚੇ ਹਨ ਤਾਂ ਸਾਡੇ ਸਾਹਮਣੇ ਬੈਠ ਕੇ ਗੱਲ ਕਰਨ ਅਸੀਂ ਇਨ੍ਹਾਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਸਰਕਾਰ ਵੱਲੋਂ ਖੇਡੀ ਜਾ ਰਹੀ ਜਾਤ-ਪਾਤ ਦੀ ਖੇਡ ਦਾ ਹੁਣ ਲੋਕਾਂ ਨੂੰ ਪਤਾ ਲੱਗ ਚੁਕਾ ਹੈ ਅਤੇ ਸਰਕਾਰ ਨੂੰ ਵੀ ਹੁਣ ਇਹ ਸਮਝ ਜਾਣਾ ਚਾਹੀਦਾ ਹੈ ਕਿ ਲੋਕ ਉਨ੍ਹਾਂ ਦੇ ਜਾਲ੍ਹ ਵਿਚ ਫਸਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਇਹ ਸਭ ਜਾਣਬੁੱਝ ਕੇ ਨਹੀਂ ਕੀਤਾ, ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ, ਜਿਸ ਕਰਕੇ ਨਿਹੰਗਾਂ ਵੱਲੋਂ ਇਹ ਕਦਮ ਚੁਕਿਆ ਗਿਆ। ਅਸੀਂ ਵੀ ਸ਼ਾਂਤੀ ਚਾਹੁੰਦੇ ਹਾਂ ਅਤੇ ਚਾਹੁੰਦੇ ਹਾਂ ਕਿ ਇਸ ਮਾਮਲੇ ਦੀ ਪਰੀ ਜਾਂਚ ਕੀਤੀ ਜਾਵੇ।