ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਹਾੜ੍ਹੀ ਦੀਆਂ 6 ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ’ਚ ਕੀਤਾ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਫੈਸਲਾ ਕਿਸਾਨਾਂ ਦੇ ਉਤਪਾਦਨ ਅਤੇ ਆਮਦਨ ਨੂੰ ਵਧਾਉਣ ਲਈ ਲਿਆ ਗਿਆ ਹੈ।

Union Cabinet hikes MSP on Rabi Crops

 

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਮੌਜੂਦਾ ਮੰਡੀਕਰਨ ਸਾਲ ਲਈ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ 110 ਰੁਪਏ ਵਧਾ ਕੇ 2,125 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸਰ੍ਹੋਂ ਦਾ ਘੱਟੋ-ਘੱਟ ਸਮਰਥਨ ਮੁੱਲ 400 ਰੁਪਏ ਵਧਾ ਕੇ 5,450 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।

ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਫੈਸਲਾ ਕਿਸਾਨਾਂ ਦੇ ਉਤਪਾਦਨ ਅਤੇ ਆਮਦਨ ਨੂੰ ਵਧਾਉਣ ਲਈ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਦੀ ਮੀਟਿੰਗ ਵਿਚ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦਾ ਫੈਸਲਾ ਲਿਆ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਕਣਕ, ਦਾਲਾਂ, ਜੌਂ ਅਤੇ ਛੋਲਿਆਂ ਸਮੇਤ ਹੋਰ ਹਾੜੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧਾ ਕੀਤਾ ਹੈ। ਕਣਕ ਦੇ ਭਾਅ ਵਿਚ 110 ਰੁਪਏ, ਜੌਂ ਵਿਚ 100 ਰੁਪਏ, ਛੋਲਿਆਂ ਵਿਚ 105 ਰੁਪਏ ਅਤੇ ਦਾਲ ਵਿਚ 500 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਇਹਨਾਂ ਤੋਂ ਇਲਾਵਾ ਰਾਈ ਅਤੇ ਸਰ੍ਹੋਂ 'ਤੇ 400 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ। ਸੂਰਜਮੁਖੀ 'ਤੇ 209 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ।

ਇਕ ਅਧਿਕਾਰਤ ਰੀਲੀਜ਼ ਅਨੁਸਾਰ ਸੀਸੀਈਏ ਨੇ ਫਸਲੀ ਸਾਲ 2022-23 (ਜੁਲਾਈ-ਜੂਨ) ਅਤੇ ਮਾਰਕੀਟਿੰਗ ਸੀਜ਼ਨ 2023-24 ਵਿਚ ਛੇ ਹਾੜ੍ਹੀ ਫਸਲਾਂ ਲਈ ਐਮਐਸਪੀ ਵਿਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਘੱਟੋ-ਘੱਟ ਸਮਰਥਨ ਮੁੱਲ ਉਹ ਦਰ ਹੈ ਜਿਸ 'ਤੇ ਸਰਕਾਰ ਕਿਸਾਨਾਂ ਤੋਂ ਖੇਤੀ ਉਪਜ ਖਰੀਦਦੀ ਹੈ। ਵਰਤਮਾਨ ਵਿਚ ਸਰਕਾਰ ਸਾਉਣੀ ਅਤੇ ਹਾੜੀ ਦੋਵਾਂ ਸੀਜ਼ਨਾਂ ਵਿਚ ਉਗਾਈਆਂ ਜਾਣ ਵਾਲੀਆਂ 23 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਦੀ ਹੈ।