‘ਕਤੂਰੇ’ ਦਾ ਨਾਂ ਨੂਰੀ ਰੱਖਣ ’ਤੇ ਰਾਹੁਲ ਗਾਂਧੀ ਵਿਰੁਧ ਸ਼ਿਕਾਇਤ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ‘‘ਮੁਲਜ਼ਮ (ਰਾਹੁਲ ਗਾਂਧੀ) ਦੇ ਇਸ ਕੰਮ ਨੇ ਸਾਡੀਆਂ ਕੁੜੀਆਂ, ਬਜ਼ੁਰਗਾਂ ਅਤੇ ਖਾਸ ਕਰ ਕੇ ਸਾਡੇ ਪੈਗੰਬਰ ਦਾ ਅਪਮਾਨ ਕੀਤਾ ਹੈ"

Complaint filed against Rahul Gandhi for naming the dog Noorie


ਪ੍ਰਯਾਗਰਾਜ, 18 ਅਕਤੂਬਰ: ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ਤੋਹਫੇ ’ਚ ਦਿਤੇ ਗਏ ‘ਕਤੂਰੇ’ ਦਾ ਨਾਂ ‘ਨੂਰੀ’ ਰੱਖਣ ਨੂੰ ਲੈ ਕੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਿਰੁਧ ਇੱਥੋਂ ਦੀ ਇਕ ਅਦਾਲਤ ’ਚ ਸ਼ਿਕਾਇਤ ਦਾਇਰ ਕੀਤੀ ਗਈ ਹੈ। ਇਹ ਸ਼ਿਕਾਇਤ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐਮ.ਆਈ.ਐਮ.) ਦੇ ਸੂਬਾ ਬੁਲਾਰੇ ਮੁਹੰਮਦ ਫਰਹਾਨ ਨੇ ਦਰਜ ਕਰਵਾਈ ਹੈ। ਮੁਹੰਮਦ ਫਰਹਾਨ ਦੇ ਵਕੀਲ ਮੁਹੰਮਦ ਅਲੀ (ਚਿਸ਼ਤੀ) ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਵਿਰੁਧ ਧਾਰਾ ਜੁਡੀਸ਼ੀਅਲ ਮੈਜਿਸਟ੍ਰੇਟ (ਚੌਥਾ) ਅਵਿਰਲ ਸਿੰਘ ਦੀ ਅਦਾਲਤ ’ਚ 295ਏ (ਧਾਰਮਕ ਭਾਵਨਾਵਾਂ ਨੂੰ ਭੜਕਾਉਣ) ਹੇਠ ਸ਼ਿਕਾਇਤ ਦਰਜ ਕੀਤਾ ਗਿਆ ਹੈ।

ਉਨ੍ਹਾਂ ਦਸਿਆ ਕਿ ਸ਼ਿਕਾਇਤਕਰਤਾ ਨੂੰ ਵੱਖ-ਵੱਖ ਅਖਬਾਰਾਂ, ਰਾਹੁਲ ਗਾਂਧੀ ਦੇ ਫੇਸਬੁੱਕ ਪੇਜ ਅਤੇ ਯੂ-ਟਿਊਬ ਚੈਨਲ ਤੋਂ ਪਤਾ ਲੱਗਾ ਕਿ ਰਾਹੁਲ ਗਾਂਧੀ ਨੇ ਵਿਸ਼ਵ ਪਸ਼ੂ ਦਿਵਸ ’ਤੇ ਅਪਣੀ ਮਾਂ ਸੋਨੀਆ ਗਾਂਧੀ ਨੂੰ ਇਕ ‘ਕਤੂਰਾ’ ਤੋਹਫ਼ੇ ਵਜੋਂ ਦਿਤਾ ਸੀ, ਜਿਸ ਦਾ ਨਾਂ ‘ਨੂਰੀ’ ਵਿਖਾਇਆ ਗਿਆ ਸੀ। ਵਕੀਲ ਨੇ ਕਿਹਾ ਕਿ ‘ਕਤੂਰੇ’ ਦਾ ਨਾਂ ‘ਨੂਰੀ’ ਰੱਖਣ ਨਾਲ ਸ਼ਿਕਾਇਤਕਰਤਾ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ‘ਨੂਰੀ’ ਸ਼ਬਦ ਵਿਸ਼ੇਸ਼ ਤੌਰ ’ਤੇ ਮੁਸਲਿਮ ਧਰਮ ਨਾਲ ਸਬੰਧਤ ਹੈ ਅਤੇ ਇਸਲਾਮ ਧਰਮ ’ਚ ਪੈਗੰਬਰ ਮੁਹੰਮਦ ਸਾਹਿਬ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਕੁੜੀਆਂ ਦੇ ਨਾਂ ਵੀ ‘ਨੂਰੀ’ ਹਨ।

ਉਨ੍ਹਾਂ ਕਿਹਾ, ‘‘ਮੁਲਜ਼ਮ (ਰਾਹੁਲ ਗਾਂਧੀ) ਦੇ ਇਸ ਕੰਮ ਨੇ ਸਾਡੀਆਂ ਕੁੜੀਆਂ, ਬਜ਼ੁਰਗਾਂ ਅਤੇ ਖਾਸ ਕਰ ਕੇ ਸਾਡੇ ਪੈਗੰਬਰ ਦਾ ਅਪਮਾਨ ਕੀਤਾ ਹੈ। ਇਸਲਾਮ ਦੇ ਆਗਮਨ ਤੋਂ ਲੈ ਕੇ ਹੁਣ ਤਕ ਕਿਸੇ ਵੀ ਮੁਸਲਮਾਨ ਪਰਿਵਾਰ ਨੇ ਇਸ ਜਾਨਵਰ ਦਾ ਨਾਂ ‘ਨੂਰੀ’ ਨਹੀਂ ਰਖਿਆ ਹੈ।’’

ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਦੇਸ਼ ਦੇ ਸਾਰੇ ਰਾਸ਼ਟਰੀ ਨਿਊਜ਼ ਚੈਨਲਾਂ ਅਤੇ ਅਖਬਾਰਾਂ ’ਚ ਮੁਲਜ਼ਮ ਦੀ ਇਸ ਹਰਕਤ ਦਾ ਵਿਰੋਧ ਕੀਤਾ ਸੀ ਅਤੇ ਮੀਡੀਆ ਰਾਹੀਂ ਰਾਹੁਲ ਗਾਂਧੀ ਨੂੰ ‘ਕਤੂਰੇ’ ਦਾ ਨਾਂ ਬਦਲਣ ਅਤੇ ਜਨਤਕ ਤੌਰ ’ਤੇ ਮਾਫੀ ਮੰਗਣ ਦੀ ਸਲਾਹ ਦਿਤੀ ਸੀ, ਪਰ ਇਸ ਦਾ ਉਸ ’ਤੇ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਦਸਿਆ ਕਿ ਅਦਾਲਤ ਨੇ ਸ਼ਿਕਾਇਤਕਰਤਾ ਨੂੰ 8 ਨਵੰਬਰ ਨੂੰ ਬਿਆਨ ਦਰਜ ਕਰਵਾਉਣ ਲਈ ਤਲਬ ਕੀਤਾ ਹੈ, ਜਿਸ ਤੋਂ ਬਾਅਦ ਦੋ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਅਦਾਲਤ ਬਚਾਅ ਪੱਖ ਨੂੰ ਸੰਮਨ ਕਰ ਸਕਦੀ ਹੈ।