ਮੁੰਬਈ ’ਚ ਤਾਈਵਾਨ ਦਾ ਦਫ਼ਤਰ ਖੋਲ੍ਹਣ ਨੂੰ ਲੈ ਕੇ ਚੀਨ ਨੇ ਭਾਰਤ ਦਾ ਕੀਤਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨ ਸਿਧਾਂਤ ਭਾਰਤ ਵਲੋਂ ਇਕ ਗੰਭੀਰ ਸਿਆਸੀ ਵਚਨਬੱਧਤਾ

China opposed India for opening a Taiwan office in Mumbai

ਬੀਜਿੰਗ: ਚੀਨ ਨੇ ਮੁੰਬਈ ’ਚ ਤਾਈਵਾਨ ਦੇ ਤਾਈਪੇ ਆਰਥਕ ਅਤੇ ਸਭਿਆਚਾਰਕ ਕੇਂਦਰ (ਟੀ.ਈ.ਸੀ.ਸੀ.) ਦੇ ਹਾਲ ਹੀ ’ਚ ਖੋਲ੍ਹੇ ਗਏ ਦਫਤਰ ਨੂੰ ਲੈ ਕੇ ਭਾਰਤ ਕੋਲ ਕੂਟਨੀਤਕ ਵਿਰੋਧ ਦਰਜ ਕਰਵਾਇਆ ਹੈ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਵੀਰਵਾਰ ਨੂੰ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘‘ਦੁਨੀਆਂ ਵਿਚ ਸਿਰਫ ਇਕ ਚੀਨ ਹੈ ਅਤੇ ਤਾਈਵਾਨ ਚੀਨ ਦੇ ਖੇਤਰ ਦਾ ਅਟੁੱਟ ਹਿੱਸਾ ਹੈ।’’ ਉਨ੍ਹਾਂ ਕਿਹਾ, ‘‘ਚੀਨ ਤਾਈਵਾਨ ਨਾਲ ਕੂਟਨੀਤਕ ਸਬੰਧ ਰੱਖਣ ਵਾਲੇ ਦੇਸ਼ਾਂ ਵਿਚਾਲੇ ਅਧਿਕਾਰਤ ਸੰਚਾਰ ਅਤੇ ਸੰਚਾਰ ਦੇ ਸਾਰੇ ਰੂਪਾਂ ਦਾ ਸਖਤ ਵਿਰੋਧ ਕਰਦਾ ਹੈ, ਜਿਸ ਵਿਚ ਇਕ-ਦੂਜੇ ਦੀ ਨੁਮਾਇੰਦਗੀ ਕਰਨ ਵਾਲੇ ਦਫਤਰ ਸਥਾਪਤ ਕਰਨਾ ਵੀ ਸ਼ਾਮਲ ਹੈ। ਅਸੀਂ ਭਾਰਤੀ ਪੱਖ ਕੋਲ ਗੰਭੀਰ ਵਿਰੋਧ ਦਰਜ ਕਰਵਾਇਆ ਹੈ।’’

ਮਾਓ ਨੇ ਕਿਹਾ ਕਿ ਇਕ-ਚੀਨ ਸਿਧਾਂਤ ਭਾਰਤ ਵਲੋਂ ਇਕ ਗੰਭੀਰ ਸਿਆਸੀ ਵਚਨਬੱਧਤਾ ਹੈ ਅਤੇ ਚੀਨ-ਭਾਰਤ ਸਬੰਧਾਂ ਲਈ ਸਿਆਸੀ ਨੀਂਹ ਵਜੋਂ ਕੰਮ ਕਰਦਾ ਹੈ।ਉਨ੍ਹਾਂ ਕਿਹਾ, ‘‘ਚੀਨ ਭਾਰਤੀ ਪੱਖ ਨੂੰ ਅਪੀਲ ਕਰਦਾ ਹੈ ਕਿ ਉਹ ਤਾਈਵਾਨ ਦੀ ਅਪਣੀ ਵਚਨਬੱਧਤਾ ਦੀ ਸਖਤੀ ਨਾਲ ਪਾਲਣਾ ਕਰੇ, ਸਬੰਧਤ ਮੁੱਦਿਆਂ ਨੂੰ ਸਹੀ ਢੰਗ ਨਾਲ ਸੰਭਾਲੇ ਅਤੇ ਤਾਈਵਾਨ ਨਾਲ ਕਿਸੇ ਵੀ ਤਰ੍ਹਾਂ ਦੇ ਅਧਿਕਾਰਤ ਸੰਚਾਰ ਤੋਂ ਪਰਹੇਜ਼ ਕਰੇ ਅਤੇ ਚੀਨ-ਭਾਰਤ ਸਬੰਧਾਂ ਨੂੰ ਸੁਧਾਰਨ ਦੀ ਪ੍ਰਕਿਰਿਆ ਵਿਚ ਵਿਘਨ ਪਾਉਣ ਤੋਂ ਪਰਹੇਜ਼ ਕਰੇ।’’

ਭਾਰਤ ’ਚ, ਟੀ.ਈ.ਸੀ.ਸੀ. ਨੇ ਬੁਧਵਾਰ ਨੂੰ ਮੁੰਬਈ ’ਚ ਇਕ ਬ੍ਰਾਂਚ ਖੋਲ੍ਹੀ, ਜਿਸ ਨਾਲ ਭਾਰਤ ’ਚ ਇਸਦੇ ਦਫਤਰਾਂ ਦੀ ਗਿਣਤੀ ਤਿੰਨ ਹੋ ਗਈ। ਟੀ.ਈ.ਸੀ.ਸੀ. ਦੇ ਦਿੱਲੀ ਅਤੇ ਚੇਨਈ ’ਚ ਵੀ ਦਫਤਰ ਹਨ।