ਮੁੰਬਈ ’ਚ ਹੋਈ 58 ਕਰੋੜ ਰੁਪਏ ਦੀ ਆਨਲਾਈਨ ਠੱਗੀ ਦੇ ਮਾਮਲੇ ’ਚ 7 ਆਰੋਪੀ ਗ੍ਰਿਫ਼ਤਾਰ
72 ਸਾਲਾ ਬਜ਼ੁਰਗ ਜੋੜੇ ਨੂੰ ਡਿਜੀਟਲ ਅਰੈਸਟ ਕਰਕੇ ਆਰੋਪੀਆਂ ਵੱਲੋਂ ਘਟਨਾ ਨੂੰ ਦਿੱਤਾ ਗਿਆ ਸੀ ਅੰਜ਼ਾਮ
ਮੁੰਬਈ : ਮੁੰਬਈ ’ਚ ਸਾਈਬਰ ਠੱਗਾਂ ਨੇ ਇਕ ਅਜਿਹੀ ਧੋਖਾਧੜੀ ਕੀਤੀ ਹੈ ਜੋ ਤੁਹਾਨੂੰ ਹੈਰਾਨ ਕਰ ਦੇਵੇਗੀ। ਮਹਾਰਾਸ਼ਟਰ ਪੁਲਿਸ ਨੇ ਦੇਸ਼ ਦੇ ਸਭ ਤੋਂ ਵੱਡੀ ਡਿਜੀਟਲ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ, ਜਿੱਥੇ ਸਾਈਬਰ ਠੱਗਾਂ ਨੇ ਸੀਬੀਆਈ ਜਾਂਚ ਦੀ ਆੜ ’ਚ ਇਕ 72 ਸਾਲਾ ਹਾਈ-ਪ੍ਰੋਫਾਈਲ ਜੋੜੇ ਨਾਲ 58 ਕਰੋੜ ਰੁਪਏ ਦੀ ਠੱਗੀ ਮਾਰੀ। ਪੜ੍ਹੇ-ਲਿਖੇ ਅਮੀਰ ਅਤੇ ਸਮਝਦਾਰ ਜੋੜਾ ਡਿਜੀਟਲ ਦੇ ਜਾਲ ਵਿਚ ਫਸ ਕੇ 40 ਦਿਨਾਂ ਤੱਕ ਆਪਣੇ ਘਰ ਵਿਚ ਹੀ ਕੈਦ ਰਿਹਾ।
ਘਟਨਾ 19 ਅਗਸਤ ਦੀ ਹੈ ਜਦੋਂ ਪੀੜਤ ਨੂੰ ਇਕ ਵੀਡੀਓ ਕਾਲ ਆਈ ਅਤੇ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਸੀਬੀਆਈ ਅਧਿਕਾਰੀ ਵਜੋਂ ਦੱਸੀ। ਉਸ ਨੇ ਕਿਹਾ ਕਿ ਤਹਾਡੇ ਖਾਤੇ ਨੂੰ ਮਨੀ ਲਾਂਡਰਿੰਗ ਲਈ ਵਰਤਿਆ ਗਿਆ ਹੈ ਅਤੇ ਤੁਹਾਡੇ ਖਾਤੇ ਵਿਚੋਂ 45 ਲੱਖ ਰੁਪਏ ਦੀ ਟ੍ਰਾਂਜੈਕਸ਼ਨ ਫੜੀ ਗਈ ਹੈ ਹੁਣ ਤੁਹਾਡੀ ਸਾਰੀ ਪ੍ਰਾਪਰਟੀ ਸੀਜ ਹੋਵੇਗੀ।
ਕਾਲ ’ਤੇ ਮੌਜੂਦ ਠੱਗ ਸੀਬੀਆਈ ਦੀ ਵਰਦੀ ਵਿਚ ਸੀ ਅਤੇ ਪਿੱਛੇ ਦਿਖਾਇਆ ਗਿਆ ਸੀਬੀਆਈ ਦਫ਼ਤਰ ਅਤੇ ਕੋਰਟ ਰੂਮ ਜੋ ਅਸਲ ਵਿਚ ਠੱਗਾਂ ਵੱਲੋਂ ਲਗਾਇਆ ਗਿਆ ਫੇਕ ਸੈਟਅਪ ਸੀ ਜੋ ਅਸਲੀ ਲੱਗ ਰਿਹਾ ਸੀ। ਇੰਨਾ ਹੀ ਨਹੀਂ ਕੋਰਟ ਆਰਡਰ ਵੀ ਵਟਸਐਪ ’ਤੇ ਭੇਜੇ ਜਾਂਦੇ ਰਹੇ ਤਾਂ ਕਿ ਪੂਰਾ ਡਰਾਮਾ ਅਸਲੀ ਲੱਗੇ।
ਠੱਗਾਂ ਨੇ ਜੋੜੇ ਨੂੰ ਕਿਹਾ ਕਿ ਹੁਣ ਉਹ ਡਿਜੀਟਲ ਅਰੈਸਟ ’ਚ ਹਨ, ਜਿਸ ਦਾ ਮਤਲਬ ਨਾ ਤਾਂ ਉਹ ਘਰ ਤੋਂ ਬਾਹਰ ਜਾ ਸਕਦੇ ਹਨ ਅਤੇ ਨਾ ਹੀ ਕਿਸੇ ਨਾਲ ਕੋਈ ਗੱਲ ਕਰ ਸਕਦੇ ਹਨ। ਵੀਡੀਓ ਕਾਲ ਹਰ ਸਮੇਂ ਆਨ ਰੱਖਣਾ ਹੋਵੇਗਾ ਅਤੇ ਹਰ ਘੰਟੇ ਬਾਅਦ ਰਿਪੋਰਟ ਦੇਣੀ ਹੋਵੇਗੀ। ਜੋੜੇ ਨੇ ਡਰ ਕਾਰਨ ਆਪਣੇ ਸਾਰੇ ਬੈਂਕ ਅਕਾਊਂਟ, ਮਿਊਚਲ ਫੰਡ, ਇਨਵੈਸਟਮੈਂਟ ਡਿਟੇਲ ਠੱਗਾਂ ਨੂੰ ਦੱਸ ਦਿੱਤੀ। ਹਰ ਦਿਨ ਦਬਾਅ ਵਧਦਾ ਗਿਆ ਅਤੇ ਹੌਲੀ-ਹੌਲੀ 58 ਕਰੋੜ ਰੁਪਏ ਠੱਗਾਂ ਦੇ ਅਕਾਊਂਟ ’ਚ ਟ੍ਰਾਂਸਫਰ ਹੋ ਗਏ। ਇਹ ਸਾਰੀ ਖੇਡ 19 ਅਗਸਤ ਤੋਂ 29 ਤੱਕ ਚੱਲੀ ਜਦੋਂ ਖਾਤੇ ਖਾਲੀ ਹੋ ਗਏ, ਉਦੋਂ ਜੋੜੇ ਨੇ ਇਕ ਦੋਸਤ ਨੂੰ ਦੱਸਿਆ, ਜਿਸ ਤੋਂ ਬਾਅਦ ਜੋੜੇ ਨੂੰ ਸਮਝ ਆਇਆ ਕਿ ਉਹ ਠੱਗੇ ਜਾ ਚੁੱਕੇ ਹਨ। 11 ਦਿਨਾਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ 10 ਅਕਤੂਬਰ ਨੂੰ ਐਫ.ਆਈ.ਆਰ. ਦਰਜ ਹੋਈ ਅਤੇ ਮਹਾਰਾਸ਼ਟਰ ਨੇ ਸਾਈਬਰ ਪੁਲਿਸ ਨੇ ਕਮਾਂਡ ਸੰਭਾਲੀ।
ਪੁਲਿਸ ਨੇ ਇਸ ਮਾਮਲੇ ’ਚ ਹੁਣ ਤੱਕ 7 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਠੱਗਾਂ ਨੇ ਆਪਣੀ ਪਹਿਚਾਣ ਛੁਪਾਉਣ ਲਈ ਵੀਪੀਐਨ ਫਰਜੀ ਅਕਾਊਂਟ ਅਤੇ ਸ਼ੇਲ ਕੰਪਨੀਆਂ ਦਾ ਇਸਤੇਮਾਲ ਕੀਤਾ। ਠੱਗਾਂ ਵੱਲੋਂ ਕਈ ਰਕਮਾਂ ਵਿਦੇਸ਼ਾਂ ਵਿਚ ਵੀ ਟ੍ਰਾਂਸਫਰ ਕੀਤੀਆਂ ਜਿਨ੍ਹਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਮਾਮਲੇ ’ਚ ਕਈ ਹੋਰ ਵੀ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ। ਏਡੀਜੀ ਯਸ਼ਵੀ ਯਾਦਵ ਨੇ ਕਿਹਾ ਕਿ ਜਦੋਂ ਤੱਕ ਬੈਂਕ ਸਿਸਟਮ ਸਖਤ ਨਹੀਂ ਹੁੰਦਾ ਉਦੋਂ ਤੱਕ ਅਜਿਹੇ ਅਜਿਹੇ ਘੁਟਾਲੇ ਹੁੰਦੇ ਰਹਿਣਗੇ।