ਸੰਸਦ ਮੈਂਬਰਾਂ ਦੇ ਘਰਾਂ ਵਾਲੇ ਅਪਾਰਟਮੈਂਟ ਕੰਪਲੈਕਸ ’ਚ ਲੱਗੀ ਭਿਆਨਕ ਅੱਗ
ਪਟਾਕਿਆਂ ਕਾਰਨ ਲੱਗੀ ਅੱਗ, ਸੋਫ਼ਿਆਂ ਤੋਂ ਫੈਲੀ ਅੱਗੇ
ਨਵੀਂ ਦਿੱਲੀ: ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਸਾਹਮਣੇ ਇਕ ਅਪਾਰਟਮੈਂਟ ਕੰਪਲੈਕਸ ’ਚ ਸਨਿਚਰਵਾਰ ਦੁਪਹਿਰ ਭਿਆਨਕ ਅੱਗ ਲੱਗ ਗਈ। ਇਸ ਅਪਾਰਟਮੈਂਟ ਕੰਪਲੈਕਸ ’ਚ ਕਈ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਦੇ ਘਰ ਹਨ। ਦਿੱਲੀ ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਜੇ ਤਕ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਹਾਲਾਂਕਿ, ਕੁੱਝ ਵਸਨੀਕਾਂ ਨੇ ਦਾਅਵਾ ਕੀਤਾ ਹੈ ਕਿ ਇਸ ਘਟਨਾ ਵਿਚ ਕੁੱਝ ਬੱਚੇ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਆਰ.ਐਮ.ਐਲ. ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਬਾਬਾ ਖੜਗ ਸਿੰਘ ਮਾਰਗ ਉਤੇ ਬ੍ਰਹਮਪੁੱਤਰ ਅਪਾਰਟਮੈਂਟਸ ’ਚ ਅੱਗ ਲੱਗਣ ਦੀ ਸੂਚਨਾ ਦੁਪਹਿਰ 1:22 ਵਜੇ ਮਿਲੀ ਅਤੇ ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਮੌਕੇ ਉਤੇ ਪਹੁੰਚੀਆਂ। ਦੁਪਹਿਰ 2:10 ਵਜੇ ਤਕ ਅੱਗ ਉਤੇ ਕਾਬੂ ਪਾ ਲਿਆ ਗਿਆ।
ਇਸ ਦੌਰਾਨ, ਅਪਾਰਟਮੈਂਟ ਕੰਪਲੈਕਸ, ਜਿਸ ਦਾ ਉਦਘਾਟਨ 2020 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤਾ ਗਿਆ ਸੀ ਅਤੇ ਜਿਥੇ ਕਈ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਦੇ ਘਰ ਹਨ, ਨੇ ਦਾਅਵਾ ਕੀਤਾ ਕਿ ਪਟਾਕੇ ਫਟਣ ਕਾਰਨ ਸਟਿਲਟ ਫਰਸ਼ ਉਤੇ ਪਏ ਕੁੱਝ ਸੋਫਿਆਂ ਨੂੰ ਅੱਗ ਲੱਗਣ ਤੋਂ ਬਾਅਦ ਅੱਗ ਫੈਲ ਗਈ। ਅਪਾਰਟਮੈਂਟ ਵਿਚੋਂ ਸੰਘਣਾ, ਕਾਲਾ ਧੂੰਆਂ ਦੂਰੋਂ ਹੀ ਅਸਮਾਨ ਵਿਚ ਉੱਠਦਾ ਵਿਖਾਈ ਦੇ ਰਿਹਾ ਸੀ, ਜਿਸ ਵਿਚ ਇਮਾਰਤਾਂ ਘਿਰ ਗਈਆਂ ਅਤੇ ਆਲੇ-ਦੁਆਲੇ ਦੇ ਖੇਤਰ ਵਿਚ ਹਨੇਰੀ ਧੁੰਦ ਫੈਲ ਗਈ।
ਡੀ.ਐਫ.ਐਸ. ਦੇ ਇਕ ਅਧਿਕਾਰੀ ਭੁਪੇਂਦਰ ਪ੍ਰਕਾਸ਼ ਨੇ ਦਸਿਆ, ‘‘ਜਦੋਂ ਅਸੀਂ ਪਹੁੰਚੇ ਤਾਂ ਸਾਨੂੰ ਸਟਿਲਟ ਫਰਸ਼ ਉਤੇ ਘਰੇਲੂ ਭੰਡਾਰਨ ਦੀਆਂ ਚੀਜ਼ਾਂ ਵਿਚ ਅੱਗ ਲੱਗੀ ਮਿਲੀ। ਅੱਗ ਦੀਆਂ ਲਪਟਾਂ ਵਧ ਰਹੀਆਂ ਸਨ ਅਤੇ ਉਪਰਲੀਆਂ ਮੰਜ਼ਲਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਸਨ।’’ ਉਨ੍ਹਾਂ ਕਿਹਾ ਕਿ ਫਿਲਹਾਲ ਦਿੱਲੀ ਪੁਲਿਸ ਵਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਉਤਰਾਖੰਡ ਦੇ ਇਕ ਸੰਸਦ ਮੈਂਬਰ ਦੇ ਨਿੱਜੀ ਸਹਾਇਕ ਕਮਲ ਨੇ ਦਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਕੰਮ ਉਤੇ ਸਨ। ਉਨ੍ਹਾਂ ਨੇ ਕਿਹਾ, ‘‘ਜੋ ਮੈਂ ਸੁਣਿਆ ਹੈ, ਉਸ ਅਨੁਸਾਰ ਅੱਗ ਉਦੋਂ ਲੱਗੀ ਜਦੋਂ ਉਥੇ ਪਏ ਕੁੱਝ ਸੋਫਿਆਂ ਵਿਚ ਅੱਗ ਲੱਗ ਗਈ।’’ ਉਨ੍ਹਾਂ ਕਿਹਾ, ‘‘ਸਾਡਾ ਸਾਰਾ ਸਾਮਾਨ, ਦਸਤਾਵੇਜ਼, ਗਹਿਣੇ, ਕਪੜੇ ਅਤੇ ਜ਼ਰੂਰੀ ਚੀਜ਼ਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਸਿਰਫ ਇਕ ਚੀਜ਼ ਬਚੀ ਹੈ ਸਾਡੇ ਸਰੀਰ ਉਤੇ ਕਪੜੇ। ਸਾਨੂੰ ਹੁਣ ਮੁੜ ਤੋਂ ਸ਼ੁਰੂਆਤ ਕਰਨੀ ਪਵੇਗੀ।’’ ਉਨ੍ਹਾਂ ਨੇ ਦਸਿਆ ਕਿ ਅੱਗ ਉੱਥੇ ਰੱਖੇ ਕੁੱਝ ਸੋਫਿਆਂ ਉਤੇ ਡਿੱਗੀ ਅਤੇ ਤੇਜ਼ੀ ਨਾਲ ਇਮਾਰਤ ’ਚ ਫੈਲ ਗਈ। ਕੁਮਾਰ ਨੇ ਦਾਅਵਾ ਕੀਤਾ ਕਿ ਦੋ ਕੁੜੀਆਂ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਹੈ ਅਤੇ ਸਟਾਫ ਮੈਂਬਰਾਂ ਦੀਆਂ ਕਈ ਚੀਜ਼ਾਂ ਅਤੇ ਸਾਮਾਨ ਸੜ ਗਿਆ।
ਇਕ ਹੋਰ ਵਸਨੀਕ ਪੂਰਣਿਮਾ ਨੇ ਦਸਿਆ ਕਿ ਉਸ ਨੂੰ ਦੁਪਹਿਰ ਕਰੀਬ 1:20 ਵਜੇ ਫੋਨ ਆਇਆ ਜਿਸ ਵਿਚ ਉਸ ਨੂੰ ਦਸਿਆ ਗਿਆ ਕਿ ਇਮਾਰਤ ਵਿਚ ਅੱਗ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਇਹ ਘਰ ਸੰਸਦ ਮੈਂਬਰਾਂ ਲਈ ਹਨ ਅਤੇ ਇੱਥੇ ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਨੇ ਦਸਿਆ ਕਿ ਹੇਠਲੇ ਤਿੰਨ ਕੁਆਰਟਰ ਸਟਾਫ ਲਈ ਹਨ ਅਤੇ ਚੌਥੀ ਮੰਜ਼ਿਲ ਤੋਂ ਸੰਸਦ ਮੈਂਬਰਾਂ ਦੇ ਫਲੈਟ ਸ਼ੁਰੂ ਹੋ ਜਾਂਦੇ ਹਨ। ਪੂਰਣਿਮਾ ਨੇ ਕਿਹਾ, ‘‘ਹੇਠਲੀਆਂ ਜ਼ਿਆਦਾਤਰ ਮੰਜ਼ਿਲਾਂ ਪੂਰੀ ਤਰ੍ਹਾਂ ਸੜ ਗਈਆਂ ਹਨ, ਅਤੇ ਅਸੀਂ ਸੁਣਿਆ ਹੈ ਕਿ ਅੱਗ ਚੌਥੀ ਮੰਜ਼ਿਲ ਤਕ ਵੀ ਪਹੁੰਚ ਗਈ।’’ ਉਨ੍ਹਾਂ ਕਿਹਾ, ‘‘ਅਸੀਂ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਅਪੀਲ ਕਰਦੇ ਹਾਂ ਕਿ ਉਹ ਇਲਾਕੇ ਦਾ ਦੌਰਾ ਕਰਨ ਅਤੇ ਇਮਾਰਤ ਦੀ ਸੁਰੱਖਿਆ ਦਾ ਜਾਇਜ਼ਾ ਲੈਣ। ਜਦੋਂ ਤਕ ਇਸ ਇਮਾਰਤ ਨੂੰ ਬਹਾਲ ਨਹੀਂ ਕੀਤਾ ਜਾਂਦਾ, ਉਦੋਂ ਤਕ ਸਟਾਫ ਮੈਂਬਰਾਂ ਨੂੰ ਸਹੀ ਰਿਹਾਇਸ਼ ਦਿਤੀ ਜਾਣੀ ਚਾਹੀਦੀ ਹੈ।’