ਪ੍ਰਿੰਟ ਮੀਡੀਆ ਲਈ ਇਸ਼ਤਿਹਾਰਾਂ ਦੀਆਂ ਦਰਾਂ ’ਚ 26 ਫੀ ਸਦੀ ਦਾ ਵਾਧਾ
ਪ੍ਰਤੀ ਵਰਗ ਸੈਂਟੀਮੀਟਰ ਦੇ ਮੀਡੀਆ ਰੇਟ 47.40 ਰੁਪਏ ਤੋਂ ਵਧਾ ਕੇ 59.68 ਰੁਪਏ ਕਰ ਦਿਤੇ
ਨਵੀਂ ਦਿੱਲੀ : ਸਰਕਾਰ ਨੇ ਪ੍ਰਿੰਟ ਮੀਡੀਆ ਉਤੇ ਇਸ਼ਤਿਹਾਰਾਂ ਦੀਆਂ ਦਰਾਂ ’ਚ 26 ਫੀ ਸਦੀ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਇਸ ਨਾਲ ਸਰਕਾਰ ਅਤੇ ਮੀਡੀਆ ਦੋਹਾਂ ਲਈ ਕਈ ਮਹੱਤਵਪੂਰਨ ਲਾਭ ਹੋਣਗੇ।
ਇਸ ਵਿਚ ਕਿਹਾ ਗਿਆ ਹੈ ਕਿ ਕਾਲੇ ਅਤੇ ਚਿੱਟੇ ਇਸ਼ਤਿਹਾਰਾਂ ਵਿਚ ਪ੍ਰਿੰਟ ਮੀਡੀਆ ਦੀਆਂ 1 ਲੱਖ ਕਾਪੀਆਂ ਲਈ ਪ੍ਰਤੀ ਵਰਗ ਸੈਂਟੀਮੀਟਰ ਦੇ ਮੀਡੀਆ ਰੇਟ 47.40 ਰੁਪਏ ਤੋਂ ਵਧਾ ਕੇ 59.68 ਰੁਪਏ ਕਰ ਦਿਤੇ ਗਏ ਹਨ, ਜੋ ਕਿ 26 ਫ਼ੀ ਸਦੀ ਦਾ ਵਾਧਾ ਹੈ।
ਸਰਕਾਰ ਨੇ ਰੰਗੀਨ ਇਸ਼ਤਿਹਾਰਾਂ ਅਤੇ ਤਰਜੀਹੀ ਸਥਿਤੀ ਲਈ ਪੇਸ਼ ਕੀਤੀਆਂ ਜਾਣ ਵਾਲੀਆਂ ਪ੍ਰੀਮੀਅਮ ਦਰਾਂ ਨਾਲ ਸਬੰਧਤ ਰੇਟ ਸਟ੍ਰਕਚਰ ਕਮੇਟੀ (ਆਰ.ਐਸ.ਸੀ.) ਦੀਆਂ ਸਿਫਾਰਸ਼ਾਂ ਉਤੇ ਵੀ ਸਹਿਮਤੀ ਪ੍ਰਗਟਾਈ ਹੈ।
ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.) ਵਲੋਂ ਪ੍ਰਿੰਟ ਮੀਡੀਆ ਇਸ਼ਤਿਹਾਰਾਂ ਨੂੰ ਜਾਰੀ ਕਰਨ ਦੀਆਂ ਦਰਾਂ ਵਿਚ ਆਖਰੀ ਵਾਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਠਵੀਂ ਆਰ.ਐਸ.ਸੀ. ਦੀਆਂ ਸਿਫਾਰਸ਼ਾਂ ਦੇ ਅਧਾਰ ਉਤੇ 9 ਜਨਵਰੀ, 2019 ਨੂੰ ਸੋਧ ਕੀਤੀ ਸੀ, ਜੋ ਤਿੰਨ ਸਾਲਾਂ ਦੀ ਮਿਆਦ ਲਈ ਜਾਇਜ਼ ਸਨ।
ਨੌਵੇਂ ਆਰ.ਐੱਸ.ਸੀ. ਦਾ ਗਠਨ 11 ਨਵੰਬਰ, 2021 ਨੂੰ ਪ੍ਰਿੰਟ ਮੀਡੀਆ ਵਿਚ ਸਰਕਾਰੀ ਇਸ਼ਤਿਹਾਰਾਂ ਦੀਆਂ ਦਰਾਂ ਵਿਚ ਸੋਧ ਸੰਬੰਧੀ ਸਿਫ਼ਾਰਸ਼ਾਂ ਕਰਨ ਲਈ ਕੀਤਾ ਗਿਆ ਸੀ। (ਪੀਟੀਆਈ)