ਸਹੁੰ-ਚੁੱਕ ਸਮਾਗਮ 'ਚ ਵਿਰੋਧੀ ਧਿਰ ਦਾ ਸ਼ਕਤੀ ਪ੍ਰਦਰਸ਼ਨ
ਗੁਲਾਬੀ ਨਗਰੀ ਜੈਪੁਰ ਦੇ ਅਲਬਰਟ ਹਾਲ ਵਿਚ ਸਜਿਆ ਸ਼ਾਨਦਾਰ ਮੰਚ ਇਕ ਹੋਰ ਵੱਡੇ ਰਾਜਨੀਤਕ ਦ੍ਰਿਸ਼ ਦਾ ਗਵਾਹ ਬਣਿਆ......
ਜੈਪੁਰ : ਗੁਲਾਬੀ ਨਗਰੀ ਜੈਪੁਰ ਦੇ ਅਲਬਰਟ ਹਾਲ ਵਿਚ ਸਜਿਆ ਸ਼ਾਨਦਾਰ ਮੰਚ ਇਕ ਹੋਰ ਵੱਡੇ ਰਾਜਨੀਤਕ ਦ੍ਰਿਸ਼ ਦਾ ਗਵਾਹ ਬਣਿਆ ਅਤੇ ਉਹ ਹੈ ਵਿਰੋਧੀ ਧਿਰ ਦੀ ਇਕਜੁਟਤਾ। ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਮਾਤ ਦੇਣ ਮਗਰੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਥੇ ਵਿਰੋਧੀ ਧਿਰ ਦੀ ਇਕਜੁਟਤਾ ਦਾ ਧੁਰਾ ਬਣਦੇ ਨਜ਼ਰ ਆਏ। ਬੀਤੇ ਮਈ ਮਹੀਨੇ ਵਿਚ ਕਰਟਾਟਕ ਵਿਚ ਕਾਂਗਰਸ ਜੇਡੀ ਐਸ ਗਠਜੋੜ ਸਰਕਾਰ ਦੇ ਸਹੁੰ-ਚੁੱਕ ਸਮਾਗਮ ਮਗਰੋਂ ਇਹ ਦੂਜਾ ਮੌਕਾ ਸੀ ਜਦ ਵਿਰੋਧੀ ਦਲਾਂ ਦੇ ਨੇਤਾ ਇਸ ਤਰ੍ਹਾਂ ਇਕ ਮੰਚ 'ਤੇ ਦਿਸੇ।
ਰਾਜਸੀ ਮਾਹਰਾਂ ਮੁਤਾਬਕ ਇਨ੍ਹਾਂ ਰਾਜਾਂ ਵਿਚ ਜਿੱਤ ਨਾਲ ਰਾਹੁਲ ਦਾ ਸਿਆਸੀ ਕੱਦ ਹੋਰ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਸਨਿਚਰਵਾਰ ਨੂੰ ਚੇਨਈ ਦੇ ਸਮਾਗਮ ਵਿਚ ਡੀਐਮਕੇ ਨੇਤਾ ਸਟਾਲਿਨ ਨੇ ਰਾਹੁਲ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਦੀ ਪੈਰਵੀ ਕੀਤੀ ਸੀ। ਸੂਤਰਾਂ ਮੁਤਾਬਕ ਖੱਬੇ ਪੱਖੀ, ਸਮਾਜਵਾਦੀ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਫ਼ਿਲਹਾਲ ਇਸ ਹੱਕ ਵਿਚ ਨਹੀਂ ਹਨ ਕਿ ਰਾਹੁਲ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਜਾਵੇ। (ਏਜੰਸੀ)