ਕਿਸਾਨ ਅੰਦੋਲਨ ਲਈ ਜਾਨ ਦੇਣ ਵਾਲੇ ਸੰਤ ਬਾਬਾ ਰਾਮ ਸਿੰਘ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਅੰਤਿਮ ਵਿਦਾਈ
ਪੰਜਾਬੀ ’ਚ ਲਿਖੇ ਖ਼ੁਦਕੁਸ਼ੀ ਨੋਟ ਵਿੱਚ ਉਹ ਲਿਖ ਕੇ ਗਏ ਸਨ ਕਿ ਉਹ ‘ਕਿਸਾਨਾਂ ਦਾ ਦੁੱਖ-ਦਰਦ’ ਝੱਲਣ ਤੋਂ ਅਸਮਰੱਥ ਹਨ।
ਕਰਨਾਲ: ਸਿੱਖ ਪ੍ਰਚਾਰਕ ਬਾਬਾ ਰਾਮ ਸਿੰਘ ਦੀ ਮ੍ਰਿਤਕ ਦੇਹ ਦਾ ਅੱਜ ਹਰਿਆਣਾ ਦੇ ਸ਼ਹਿਰ ਕਰਨਾਲ ਵਿਖੇ ਸਸਕਾਰ ਕਰ ਦਿੱਤਾ ਗਿਆ। ਬਾਬਾ ਰਾਮ ਸਿੰਘ ਕੇਂਦਰ ਸਰਕਾਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਕੇਂਦਰ ਸਰਕਾਰ ਨੂੰ ਚੇਤਾਉਣ ਲਈ ਆਪਣੀ ਸ਼ਹਾਦਤ ਦੇ ਗਏ। ਇਸ ਮੌਕੇ ਅੱਜ ਗੁਰਦੁਆਰਾ ੴ ਆਸ਼ਰਮ ਨਾਨਕਸਰ ਠਾਠ ਸਿੰਘੜਾ ਵਿਖੇ ਦੇਸ਼ ਵਿਦੇਸ਼ ਤੋਂ ਆਏ ਹਜ਼ਾਰਾਂ ਸ਼ਰਧਾਲੂਆਂ ਨੇ ਨੱਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ, ਧਾਰਮਿਕ ਪ੍ਰਚਾਰਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਮੇਤ ਹਜ਼ਾਰਾਂ ਸ਼ਰਧਾਲੂ ਵੀ ਬਾਬਾ ਰਾਮ ਸਿੰਘ ਨੂੰ ਦੁਖੀ ਹਿਰਦੇ ਤੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦੇਣ ਲਈ ਮੌਜੂਦ ਸਨ। ਦੱਸਣ ਯੋਗ ਹੈ ਕਿ ਗੁਰਦਵਾਰਾ ਸਾਹਿਬ ਦੇ ਅਹਾਤੇ ਵਿਚ ਬਣਾਏ ਗਏ ਕਰੀਬ 4 ਫੁੱਟ ਉੱਚੇ ਅੰਗੀਠੇ 'ਤੇ ਉਨ੍ਹਾਂ ਦੀ ਦੇਹ ਨੂੰ ਅਗਨ ਭੇਟ ਕੀਤਾ ਗਿਆ।
ਦੱਸਣਯੋਗ ਹੈ ਕਿ ਦੋ ਦਿਨ ਪਹਿਲਾ 16 ਦਸੰਬਰ ਨੂੰ ਸੰਤ ਬਾਬਾ ਰਾਮ ਸਿੰਘ ਨੇ ਕੁੰਡਲੀ ਬਾਰਡਰ 'ਤੇ ਜਿੱਥੇ ਕਿਸਾਨ ਸੰਘਰਸ਼ ਕਰ ਰਹੇ ਹਨ, ਉੱਥੇ ਪਹੁੰਚ ਕੇ ਗੋਲੀ ਮਾਰ ਕੇ ਆਪਣੀ ਸ਼ਹਾਦਤ ਕਿਸਾਨ ਸੰਘਰਸ਼ ਦੇ ਸਮਰਥਨ ਵਿਚ ਦੇ ਦਿੱਤੀ ਸੀ। ਪੰਜਾਬੀ ’ਚ ਲਿਖੇ ਖ਼ੁਦਕੁਸ਼ੀ ਨੋਟ ਵਿੱਚ ਉਹ ਲਿਖ ਕੇ ਗਏ ਸਨ ਕਿ ਉਹ ‘ਕਿਸਾਨਾਂ ਦਾ ਦੁੱਖ-ਦਰਦ’ ਝੱਲਣ ਤੋਂ ਅਸਮਰੱਥ ਹਨ।