ਕਰਜ਼ਾ ਚੁਕਾਉਣ ਲਈ ਕਿਸਾਨ ਨੇ ਵੇਚੀ ਅਪਣੀ ਕਿਡਨੀ, ਪੁਲਿਸ ਨੇ ਜਬਰਨ ਵਸੂਲੀ ਦੇ ਦੋਸ਼ ਹੇਠ 4 ਸਾਹੂਕਾਰ ਕੀਤੇ ਗਿ੍ਰਫ਼ਤਾਰ
ਕਿਸਾਨ ਨੇ ਚਾਰ ਸਥਾਨਕ ਸ਼ਾਹੂਕਾਰਾਂ ਤੋਂ 2021 ਵਿਚ 40 ਫ਼ੀ ਸਦੀ ਵਿਆਜ ਦਰ ਉਤੇ 1 ਲੱਖ ਰੁਪਏ ਦਾ ਕਰਜ਼ਾ ਲਿਆ ਸੀ।
ਚੰਦਰਪੁਰ: ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਇਕ ਕਿਸਾਨ ਨੇ ਦਾਅਵਾ ਕੀਤਾ ਕਿ ਉਸ ਨੂੰ ਚਾਰ ਸ਼ਾਹੂਕਾਰਾਂ ਤੋਂ ਉਧਾਰ ਲਈ ਗਈ ਕਰਜ਼ੇ ਦੀ ਰਕਮ ਦਾ ਇਕ ਹਿੱਸਾ ਵਾਪਸ ਕਰਨ ਲਈ ਅਪਣਾ ਗੁਰਦਾ ਵੇਚਣ ਲਈ ਮਜਬੂਰ ਕੀਤਾ ਗਿਆ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਚਾਰ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਹੈ।
ਅਧਿਕਾਰੀਆਂ ਨੇ ਦਸਿਆ ਕਿ ਬ੍ਰਹਮਪੁਰੀ ਥਾਣੇ ’ਚ ਚਾਰ ਸ਼ਾਹੂਕਾਰਾਂ ਵਿਰੁਧ ਜਬਰੀ ਵਸੂਲੀ ਦੇ ਦੋਸ਼ ’ਚ ਅਤੇ ਮਹਾਰਾਸ਼ਟਰ ਮਨੀ-ਲੈਂਡਿੰਗ (ਰੈਗੂਲੇਸ਼ਨ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਨਾਗਭਿੜ ਤਹਿਸੀਲ ਦੇ ਮਿੰਥੁਰ ਪਿੰਡ ਦੇ ਰਹਿਣ ਵਾਲੇ ਦੁਖੀ ਕਿਸਾਨ ਰੋਸ਼ਨ ਸਦਾਸ਼ਿਵ ਕੁਡੇ (ਕਰੀਬ 29) ਨੇ ਪੁਲਿਸ ਕੋਲ ਪਹੁੰਚ ਕਰਦਿਆਂ ਕਿਹਾ ਕਿ ਉਸ ਨੇ ਚਾਰ ਸਥਾਨਕ ਸ਼ਾਹੂਕਾਰਾਂ ਤੋਂ 2021 ਵਿਚ 40 ਫ਼ੀ ਸਦੀ ਵਿਆਜ ਦਰ ਉਤੇ 1 ਲੱਖ ਰੁਪਏ ਦਾ ਕਰਜ਼ਾ ਲਿਆ ਸੀ।
ਕਿਸਾਨ ਕੋਲ ਚਾਰ ਏਕੜ ਜ਼ਮੀਨ ਹੈ। ਖੇਤੀ ਵਿਚ ਹੋਏ ਨੁਕਸਾਨ ਦੇ ਕਾਰਨ, ਕੁਡੇ ਨੇ ਇਕ ਪੂਰਕ ਕਾਰੋਬਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ। ਪੁਲਿਸ ਵਿਭਾਗ ਦੇ ਸੂਤਰਾਂ ਨੇ ਦਸਿਆ ਕਿ ਉਸ ਨੇ ਡੇਅਰੀ ਫਾਰਮਿੰਗ ਤੋਂ ਕੁੱਝ ਆਮਦਨੀ ਕਮਾਉਣ ਦੀ ਉਮੀਦ ਵਿਚ ਗਊਆਂ ਖਰੀਦੀਆਂ ਅਤੇ 2021 ਵਿਚ ਇਲਾਕੇ ਦੇ ਸ਼ਾਹੂਕਾਰਾਂ ਤੋਂ ਕੁੱਝ ਕਰਜ਼ਾ ਲਿਆ। ਇਕ ਸ਼ਾਹੂਕਾਰ ਨੇ ਗੁਰਦਾ ਵੇਚਣ ਦਾ ਸੁਝਾਅ ਦਿਤਾ। ਇਕ ਏਜੰਟ ਰੌਸ਼ਨ ਕੁਡੇ ਨੂੰ ਕੋਲਕਾਤਾ ਲੈ ਗਿਆ ਅਤੇ ਡਾਕਟਰੀ ਜਾਂਚ ਕਰਵਾਈ।
ਜਾਂਚ ਤੋਂ ਬਾਅਦ, ਕੁਡੇ ਦੀ ਕੰਬੋਡੀਆ ਵਿਚ ਇਕ ਸਰਜਰੀ ਹੋਈ ਸੀ, ਅਤੇ ਉਸ ਦਾ ਗੁਰਦਾ ਕੱਢ ਦਿਤਾ ਗਿਆ ਸੀ। ਕਿਸਾਨ ਦੇ ਦਾਅਵੇ ਮੁਤਾਬਕ ਉਸ ਨੂੰ ਬਦਲੇ ’ਚ 8 ਲੱਖ ਰੁਪਏ ਮਿਲੇ ਹਨ। ਇਸ ਤੋਂ ਬਾਅਦ ਨਾਗਭੀਦ ਥਾਣੇ ਦੇ ਜਵਾਨਾਂ ਨੇ ਕੁਡੇ ਨਾਲ ਸੰਪਰਕ ਕੀਤਾ ਅਤੇ ਜਾਂਚ ਵਿਚ ਸਹਿਯੋਗ ਕਰਨ ਦੀ ਬੇਨਤੀ ਕੀਤੀ। ਪੁਲਿਸ ਨੇ ਦਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। (ਪੀਟੀਆਈ)