ਆਖ਼ਰ ਕੌਣ ਬਣਾਉਣਾ ਚਾਹੁੰਦੈ ਮੋਦੀ, ਯੋਗੀ ਤੇ ਸ਼ਾਹ ਨੂੰ ਨਿਸ਼ਾਨਾ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਧਮਕੀ ਭਰੀ ਚਿੱਠੀ ਨੇ ਸੁਰੱਖਿਆ ਏਜੰਸੀਆਂ ਨੂੰ ਪਾਈਆਂ ਭਾਜੜਾਂ

File Photo

ਕੌਣ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਅਜੀਤ ਡੋਵਾਲ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੈ?
ਆਖ਼ਰ ਕਿਉਂ ਲਗਾਇਆ ਗਿਆ ਇਨ੍ਹਾਂ ਤਸਵੀਰਾਂ 'ਤੇ ਕਰਾਸ ਦਾ ਨਿਸ਼ਾਨ?
ਕਿਸ ਨੇ ਦਿੱਤੀ ਪੀਐਮ ਮੋਦੀ ਸਮੇਤ ਇਨ੍ਹਾਂ ਤਿੰਨਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ?

ਨਵੀਂ ਦਿੱਲੀ- ਸੀਏਏ, ਐਨਆਰਸੀ ਅਤੇ ਐਨਪੀਆਰ ਦੇ ਵਿਰੋਧ ਕਾਰਨ ਇਸ ਸਮੇਂ ਦੇਸ਼ ਦਾ ਮਾਹੌਲ ਕਾਫ਼ੀ ਵਿਗੜਿਆ ਹੋਇਆ ਹੈ। ਅਜਿਹੇ ਵਿਚ ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਭਾਜਪਾ ਸਾਂਸਦ ਸਾਧਵੀ ਪ੍ਰਗਿਆ ਠਾਕੁਰ ਦੇ ਘਰ ਤੋਂ ਮਿਲੀ ਇਕ ਧਮਕੀ ਭਰੀ ਚਿੱਠੀ ਨੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿੱਤੀਆਂ। ਉਰਦੂ ਵਿਚ ਲਿਖੀ ਗਈ

ਇਸ ਚਿੱਠੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਪ੍ਰਗਿਆ ਠਾਕੁਰ ਅਤੇ ਜੰਮੂ ਕਸ਼ਮੀਰ ਦੇ ਰਾਜਪਾਲ ਨੂੰ ਟਾਰਗੈੱਟ ਕੀਤਾ ਗਿਆ। ਹੋਰ ਤਾਂ ਹੋਰ ਇਨ੍ਹਾਂ ਸਾਰਿਆਂ ਦੀਆਂ ਤਸਵੀਰਾਂ 'ਤੇ ਕਰਾਸ ਦੇ ਨਿਸ਼ਾਨ ਵੀ ਲਗਾਏ ਗਏ ਹਨ।

ਸਾਧਵੀ ਪ੍ਰਗਿਆ ਦੇ ਘਰ ਤੋਂ ਮਿਲੀ ਇਸ ਚਿੱਠੀ ਵਿਚ ਕਿਹੜਾ ਅਤਿਵਾਦੀ ਕਿਸ ਨੇਤਾ 'ਤੇ ਹਮਲਾ ਕਰੇਗਾ, ਇਸ ਦਾ ਵੀ ਡਾਇਰੈਕਸ਼ਨ ਦੇ ਕੇ ਜ਼ਿਕਰ ਕੀਤਾ ਗਿਆ ਹੈ। ਇਸ ਧਮਕੀ ਭਰੀ ਚਿੱਠੀ ਦੇ ਮਿਲਦਿਆਂ ਹੀ ਪੁਲਿਸ ਸਮੇਤ ਹੋਰ ਕਈ ਜਾਂਚ ਟੀਮਾਂ ਨੇ ਮੌਕੇ 'ਤੇ ਪੁੱਜ ਕੇ ਚਿੱਠੀ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਅਤੇ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਅਨੁਸਾਰ ਧਮਕੀ ਭਰੀ ਇਸ ਚਿੱਠੀ ਦੇ ਨਾਲ ਇਕ ਪਾਊਡਰ ਵੀ ਬਰਾਮਦ ਹੋਇਆ ਹੈ ਜਿਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਚਿੱਠੀ ਨੂੰ ਲੈ ਕੇ ਭਾਜਪਾ ਸਾਂਸਦ ਸਾਧਵੀ ਪ੍ਰਗਿਆ ਨੇ ਕਿਹਾ ਕਿ ਇਹ ਹਰਕਤ ਕਿਸੇ ਅਤਿਵਾਦੀ ਗਰੁੱਪ ਦੀ ਹੋ ਸਕਦੀ ਹੈ। ਇਹ ਦੇਸ਼ ਦੇ ਦੁਸ਼ਮਣਾਂ ਦੀ ਵੱਡੀ ਸਾਜਿਸ਼ ਹੈ ਪਰ ਉਹ ਇਸ ਤੋਂ ਡਰਨ ਵਾਲੀ ਨਹੀਂਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਅਜਿਹੀਆਂ ਧਮਕੀ ਭਰੀਆਂ ਚਿੱਠੀਆਂ ਮਿਲ ਚੁੱਕੀਆਂ ਹਨ।

ਪ੍ਰਗਿਆ ਦਾ ਕਹਿਣਾ ਹੈ ਕਿ ਜੋ ਧਮਕੀ ਦਿੰਦੇ ਹਨ ਉਹ ਡਰਪੋਕ ਹਨ, ਜੇਕਰ ਹਿੰਮਤ ਹੈ ਤਾਂ ਸਾਹਮਣੇ ਆਓ। ਦੱਸ ਦਈਏ ਕਿ ਇਹ ਚਿੱਠੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲੋਕਾਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ, ਐਨਆਰਸੀ ਅਤੇ ਐਨਪੀਆਰ ਦਾ ਸਖ਼ਤ ਵਿਰੋਧ ਕਰਦੇ ਹੋਏ ਕੇਂਦਰ ਸਰਕਾਰ ਨੂੰ ਤਾਨਾਸ਼ਾਹ ਸਰਕਾਰ ਦਾ ਨਾਂਅ ਦਿੱਤਾ ਜਾ ਰਿਹਾ ਹੈ।

ਫਿਲਹਾਲ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਧਾਰਾ 326 ਅਤੇ 507 ਤਹਿਤ ਮਾਮਲਾ ਦਰਜ ਕਰਕੇ ਇਸ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ ਕਿ ਕੌਣ ਹੈ ਉਹ ਸਖ਼ਸ਼ ਜਾਂ ਅਤਿਵਾਦੀ ਗਰੁੱਪ ਜੋ ਪੀਐਮ ਮੋਦੀ ਸਮੇਤ ਉਕਤ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਹੈ।