ਕੇਂਦਰ ਦਾ ਵੱਡਾ ਫੈਸਲਾ, ਹੁਣ 'ਵੀਰਤਾ ਦਿਵਸ' ਵਜੋਂ ਮਨਾਇਆ ਜਾਵੇਗਾ ਨੇਤਾ ਜੀ ਦਾ ਜਨਮਦਿਨ
ਕੇਂਦਰੀ ਸਭਿਆਚਾਰ ਮੰਤਰਾਲੇ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਮਹਾਨ ਸੁਤੰਤਰਤਾ ਸੈਨਾਨੀ ਅਤੇ ਆਜ਼ਾਦ ਹਿੰਦ ਫੌਜ਼ ਦੇ ਸੰਸਥਾਪਕ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮਦਿਨ ਮਨਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਹੁਣ ਹਰ ਸਾਲ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਨੂੰ ਵੀਰਤਾ ਦਿਵਸ ਵਜੋਂ ਮਨਾਏਗੀ।
ਇਹ ਜਾਣਕਾਰੀ ਕੇਂਦਰੀ ਸਭਿਆਚਾਰ ਮੰਤਰਾਲੇ ਨੇ ਦਿੱਤੀ ਹੈ। ਦੱਸ ਦੇਈਏ ਕਿ ਨੇਤਾ ਜੀ ਦਾ 125 ਵਾਂ ਜਨਮ ਦਿਵਸ ਇਸ ਸਾਲ ਮਨਾਇਆ ਜਾਵੇਗਾ। ਸਭਿਆਚਾਰ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ਕਿ ‘ਨੇਤਾ ਜੀ ਦੀ ਭਾਵਨਾ ਅਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੀ ਨਿਰਸਵਾਰਥ ਸੇਵਾ ਅਤੇ ਸਤਿਕਾਰ ਨੂੰ ਯਾਦ ਕਰਨ ਲਈ, ਭਾਰਤ ਸਰਕਾਰ 23 ਜਨਵਰੀ ਨੂੰ ਦੇਸ਼ ਵਾਸੀਆਂ, ਖ਼ਾਸਕਰ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਹਰ ਸਾਲ ਉਹਨਾਂ ਦੇ ਜਨਮਦਿਨ ਨੂੰ ਵੀਰਤਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਨੇਤਾ ਜੀ ਨੇ ਮਾੜੇ ਹਾਲਾਤਾਂ ਦੇ ਬਾਵਜੂਦ ਦੇਸ਼ ਵਾਸੀਆਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ।
ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਇਸ ਸਾਲ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਭਾਜਪਾ ਰਾਜ ਵਿਚ ਕਮਲ ਨੂੰ ਖਿੜਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਮਮਤਾ ਬੈਨਰਜੀ ਆਪਣੀ ਤਾਕਤ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਜਨਵਰੀ ਨੂੰ ਪੱਛਮੀ ਬੰਗਾਲ ਦਾ ਦੌਰਾ ਕਰ ਸਕਦੇ ਹਨ। ਇੱਥੇ ਉਹ ਕੋਲਕਾਤਾ ਦੇ ਵਿਕਟੋਰੀਅਲ ਮੈਮੋਰੀਅਲ ਵਿਖੇ ਹੋਣ ਵਾਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਸਮਾਰੋਹਾਂ ਵਿਚ ਹਿੱਸਾ ਲੈਣਗੇ।