26 ਜਨਵਰੀ ਤਕ ਲਾਲ ਕਿਲ੍ਹਾ ਆਮ ਲੋਕਾਂ ਲਈ ਬੰਦ, 15 ਮਿ੍ਰਤਕ ਕਾਵਾਂ ’ਚ ਹੋਈ ਬਰਡ ਫ਼ਲੂ ਦੀ ਪੁਸ਼ਟੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਸ਼ੂ ਪਾਲਣ ਵਿਭਾਗ ਮੁਤਾਬਕ ਕਾਵਾਂ ਦੀ ਮੌਤ ਤੋਂ ਬਾਅਦ ਜਾਂਚ ਲਈ ਭੇਜੇ ਸਨ ਨਮੂਨੇ

lal quila

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ’ਚ ਵੀ ਬਰਡ ਫ਼ਲੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿਤੇ ਹਨ। ਦਿੱਲੀ ਦੇ ਲਾਲ ਕਿਲ੍ਹੇ ਦੇ ਕੰਪਲੈਕਸ ’ਚ ਕਰੀਬ ਇਕ ਹਫ਼ਤਾ ਪਹਿਲਾਂ ਮਿ੍ਰਤਕ ਪਾਏ ਗਏ 15 ਕਾਵਾਂ ਦੇ ਨਮੂਨਿਆਂ ’ਚ ਬਰਡ ਫ਼ਲੂ ਦੀ ਪੁਸ਼ਟੀ ਹੋਈ ਹੈ। 

ਪਸ਼ੂ ਪਾਲਣ ਵਿਭਾਗ ਮੁਤਾਬਕ, ਕਾਵਾਂ ਦੀ ਮੌਤ ਤੋਂ ਬਾਅਦ ਨਮੂਨੇ ਜਾਂਚ ਲਈ ਭੇਜੇ ਗਏ ਸਨ। ਸੋਮਵਾਰ ਰਾਤ ਨੂੰ ਆਈ ਮਿ੍ਰਤਕ ਕਾਵਾਂ ਦੇ ਨਮੂਨਿਆਂ ਦੀ ਰੀਪੋਰਟ ’ਚ ਬਰਡ ਫਲੂ ਪਾਜੇਟਿਵ ਪਾਇਆ ਗਿਆ ਹੈ। ਇਸ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਨੇ ਲਾਲ ਕਿਲ੍ਹੇ ਨੂੰ ਆਮ ਜਨਤਾ ਦੀ ਆਵਾਜਾਈ ਲਈ ਬੰਦ ਕਰਨ ਦੇ ਹੁਕਮ ਦਿਤੇ ਹਨ। 

ਲਾਲ ਕਿਲ੍ਹਾ ਘੁੰਮਣ ਆਏ ਸੈਲਾਨੀਆਂ ਨੂੰ ਵਾਇਰਸ ਤੋਂ ਬਚਾਉਣ ਅਤੇ ਬਰਡ ਫ਼ਲੂ ਦੇ ਖਤਰੇ ਦੇ ਮੱਦੇਨਜਰ ਲਾਲ ਕਿਲ੍ਹੇ ’ਚ ਆਮ ਲੋਕਾਂ ਦੇ ਪ੍ਰਵੇਸ਼ ’ਤੇ 19 ਜਨਵਰੀ ਤੋਂ 26 ਜਨਵਰੀ ਤਕ ਪਾਬੰਦੀ ਰਹੇਗੀ। 

ਜ਼ਿਕਰਯੋਗ ਹੈ ਕਿ 22 ਜਨਵਰੀ ਤੋਂ 26 ਜਨਵਰੀ ਤਕ ਲਾਲ ਕਿਲ੍ਹੇ ਨੂੰ ਹਰ ਸਾਲ ਬੰਦ ਕੀਤਾ ਜਾਂਦਾ ਹੈ ਪਰ ਬਰਡ ਫ਼ਲੂ ਦੀ ਪੁਸ਼ਟੀ ਤੋਂ ਬਾਅਦ ਇਸ ਵਾਰ ਇਸ ਨੂੰ ਪਹਿਲਾਂ ਹੀ ਬੰਦ ਕਰ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਚਿੜੀਆਘਰ ’ਚ ਬਰਡ ਫ਼ਲੂ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਦਿੱਲੀ ਦੇ ਚਿੜੀਆਘਰ ’ਚ ਇਕ ਮਿ੍ਰਤਕ ਬ੍ਰਾਊਨ ਫਿਸ਼ ਉੱਲੂ ’ਚ ਬਰਡ ਫ਼ਲੂ ਦੀ ਪੁਸ਼ਟੀ ਹੋਈ ਸੀ, ਚਿੜੀਆਘਰ ਫਿਲਹਾਲ ਆਮ ਲੋਕਾਂ ਲਈ ਬੰਦ ਹੈ।