ਛੱਬੀ ਜਨਵਰੀ ਮੌਕੇ ਦਿੱਲੀ ਵਿਚ ਪਹਿਲੀ ਵਾਰ ਇਕੱਠੇ ਵਿਚਰੇਗੀ ‘ਜਵਾਨ ਅਤੇ ਕਿਸਾਨ’ ਦੀ ਜੋੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਪਾਸੇ ਰਾਜਪਥ' 'ਤੇ ਗਰਜੇਗਾ ਰਾਫੇਲ ਅਤੇ ਦੂਜੇ ਪਾਸੇ ਸੜਕਾਂ ‘ਤੇ ਗੂਜਣਗੇ ਟਰੈਕਟਰ

Kisan Tractor Parade

ਨਵੀਂ ਦਿੱਲੀ: 26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਇਸ ਵਾਰ ਦੇ ਸਮਾਗਮ ਕਈ ਪੱਖਾਂ ਤੋਂ ਵਿਲੱਖਣ ਹੋਣਗੇ। ਆਮ ਤੌਰ ਤੇ ਛੱਬੀ ਜਨਵਰੀ ਨੂੰ ਹੋਣ ਵਾਲੇ ਸਮਾਗਮਾਂ ਦੌਰਾਨ ਸਭ ਦੀਆਂ ਨਜ਼ਰਾਂ ਰਾਜਪਥ ਤੇ ਹੋ ਰਹੀਆਂ ਗਤੀਵਿਧੀਆਂ ਤੇ ਹੁੰਦੀਆਂ ਹਨ। ਪਰ ਇਹ ਸ਼ਾਇਦ ਪਹਿਲਾ ਮੌਕਾ ਹੋਵੇਗਾ ਜਦੋਂ ਦਿੱਲੀ ਦੇ ਰਾਜਪਥ ਤੋਂ ਇਲਾਵਾ ਕਿਸਾਨਾਂ ਦੀ ਟਰੈਕਟਰ ਪਰੇਡ ਵੀ ਲੋਕਾਂ ਦਾ ਧਿਆਨ ਖਿੱਚੇਗੀ।  

ਇਸ ਵਾਰ ਭਾਰਤੀ ਹਵਾਈ ਸੈਨਾ ਦਾ ਬ੍ਰਹਮਾਸਤਰ ਰਾਫੇਲ ਲੜਾਕੂ ਜਹਾਜ਼ ਆਪਣੀ ਤਾਕਤ ਤੇ ਸਮਰੱਥਾ ਦਾ ਪ੍ਰਦਰਸ਼ਨ ਕਰਨ ਲਈ ਗਣਤੰਤਰ ਦਿਵਸ 'ਤੇ ਪਹਿਲੀ ਵਾਰ ਰਾਜਪਥ' 'ਤੇ ਗਰਜੇਗਾ।  ਏਅਰ ਫੋਰਸ ਗਣਤੰਤਰ ਦਿਵਸ ਪਰੇਡ ਵਿਚ ਪਹਿਲੀ ਵਾਰ ਫਰਾਂਸ ਤੋਂ ਖਰੀਦੀ ਗਈ 5ਵੀਂ ਪੀੜ੍ਹੀ ਦਾ ਆਧੁਨਿਕ ਲੜਾਕੂ ਜਹਾਜ਼ ਰਾਫੇਲ ਪਰੇਡ ਵਿਚ ਸ਼ਾਮਲ ਕਰੇਗੀ ਤੇ ਇਸ ਸਾਲ ਦੀ ਪਰੇਡ ਦਾ ਖ਼ਾਸ ਵਿਸ਼ਾ ਬਣੇਗੀ। ਗਣਤੰਤਰ ਦਿਵਸ 'ਤੇ ਦੋ ਰਾਫੇਲ ਰਾਜਪਥ ਵਿਖੇ ਆਪਣੇ ਜੌਹਰ ਦਿਖਾਉਣਗੇ।

ਹਵਾਈ ਸੈਨਾ ਦੇ ਬੁਲਾਰੇ ਮੁਤਾਬਕ ਇਸ ਵਾਰ ਪਰੇਡ ਦੇ ਦਿਨ 42 ਲੜਾਕੂ ਜਹਾਜ਼, ਹੈਲੀਕਾਪਟਰ ਤੇ ਟਰਾਂਸਪੋਰਟ ਜਹਾਜ਼ ਫਲਾਈ ਪਾਸਟ ਵਿਚ ਹਿੱਸਾ ਲੈਣਗੇ। ਉਨ੍ਹਾਂ ਵਿਚੋਂ ਮੁੱਖ ਆਕਰਸ਼ਣ ਰਾਫੇਲ ਹੋਵੇਗਾ ਜੋ ਵਰਟੀਰਲ ਚਾਰਲੀ ਪੋਜ਼ ਵਿੱਚ ਪਰੇਡ ਅਤੇ ਫਲਾਈਪਾਸਟ ਨੂੰ ਸਮਾਪਤ ਕਰੇਗਾ।

ਹਵਾਈ ਸੈਨਾ ਦੀ ਮਾਰਚ ਕਰਨ ਵਾਲੀ ਟੀਮ ਵਿੱਚ 100 ਏਅਰ ਵਾਰਹਡਸ ਰੱਖੇ ਜਾਣਗੇ, ਜਿਨ੍ਹਾਂ ਵਿਚੋਂ ਚਾਰ ਅਧਿਕਾਰੀ ਹਨ। ਇਸ ਟੀਮ ਦੀ ਅਗਵਾਈ ਫਲਾਈਟ ਲੈਫਟੀਨੈਂਟ ਤਨਿਕ ਸ਼ਰਮਾ ਕਰਨਗੇ। ਇਸ ਵਾਰ ਹਵਾਈ ਸੈਨਾ ਦੀ ਝਾਂਕੀ ਵਿੱਚ ਲੜਾਕੂ ਜਹਾਜ਼ ਤੇਜਸ, ਸੁਖੋਈ ਤੇ ਰੋਹਿਨੀ ਰਾਡਾਰ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਹਵਾਈ ਸੈਨਾ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਭਾਵਨਾ ਕਾਂਤ ਵੀ ਰਾਜਪਥ 'ਤੇ ਨਜ਼ਰ ਆਵੇਗੀ। ਐਂਟੀ-ਟੈਂਕ ਮਿਜ਼ਾਈਲ ਦਾ ਪ੍ਰਦਰਸ਼ਨ ਆਕਾਸ਼ ਤੇ ਰੁਦਰਮ ਮਿਜ਼ਾਈਲਾਂ ਦੇ ਨਾਲ ਝਾਂਕੀ 'ਤੇ ਵੀ ਕੀਤਾ ਜਾਵੇਗਾ।

ਦੂਜੇ ਪਾਸੇ ਕਿਸਾਨਾਂ ਵਲੋਂ 26 ਜਨਵਰੀ ਮੌਕੇ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਦੀਆਂ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਵਲੋਂ ਆਪਣੇ ਟਰੈਕਟਰਾਂ ਨੂੰ ਵਿਸ਼ੇਸ਼ ਤਰੀਕਿਆਂ ਨਾਲ ਸਜਾਇਆ ਜਾ ਰਿਹਾ ਹੈ। ਕਈ ਥਾਈਂ ਤਾਂ ਟਰੈਕਟਰਾਂ ਨੂੰ ਵਿਲੱਖਣ ਤਰੀਕੇ ਦੀ ਦਿੱਖ ਦਿਤੀ ਜਾ ਰਹੀ ਹੈ। ਇਹ ਟਰੈਕਟਰ ਟੈਂਕਾਂ ਵਰਗੇ ਜੰਗੀ ਹਥਿਆਰਾਂ ਦਾ ਭੁਲੇਖਾ ਪਾਉਂਦੇ ਹਨ। ਕੁੱਝ ਗਰਮ-ਖਿਆਲੀ ਕਿਸਾਨਾਂ ਨੇ ਤਾਂ ਪੁਲਿਸ ਬੈਰੀਗੇਟਾਂ ਨੂੰ ਬੇਅਸਰ ਕਰਦੇ ਵਿਸ਼ੇਸ਼ ਡਿਜਾਇਨਾਂ ਨਾਲ ਟਰੈਕਟਰ ਤਿਆਰ ਕੀਤੇ ਗਏ ਹਨ।

ਕਿਸਾਨ ਜਥੇਬੰਦੀਆਂ ਵਲੋਂ ਆਪਣੇ ਪ੍ਰੋਗਰਾਮ ਨੂੰ ਹਰ ਹਾਲਤ ਵਿਚ ਸ਼ਾਂਤਮਈ ਰੱਖਣ ਦੇ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ਵਿਚ ਇਸ ਤਰ੍ਹਾਂ ਦੇ ਟਰੈਕਟਰਾਂ ਦੀ ਪਰੇਡ ਵਿਚ ਸ਼ਮੂਲੀਅਤ ਬਾਰੇ ਅਜੇ ਅੰਤਮ ਫੈਸਲਾ ਨਹੀਂ ਹੋਇਆ ਪਰ ਇਨ੍ਹਾਂ ਦੀ ਵਰਤੋਂ ਸ਼ੋਅ-ਪੀਸ ਜਾਂ ਰੈਲੀ ਨੂੰ ਆਕਰਸ਼ਤ ਦਿੱਖ ਪ੍ਰਦਾਨ ਕਰਨ ਲਈ ਕੀਤੀ ਜਾ ਸਕਦੀ ਹੈ। ਕੁੱਲ ਮਿਲਾ ਕੇ ਜਿੱਥੇ ਦੇਸ਼ ਦਾ ਜਵਾਨ ਜੰਗੀ ਹਥਿਆਰਾਂ ਨਾਲ ਦੇਸ਼ ਲਈ ਹਰ ਕੁਰਬਾਨੀ ਦੇਣ ਦਾ ਅਹਿਦ ਕਰੇਗਾ ਉਥੇ ਹੀ ਦੇਸ਼ ਦਾ ਕਿਸਾਨ ਕਰੋੜਾਂ ਲੋਕਾਂ ਦੀ ਭੁੱਖ ਮਿਟਾਉਣ ਵਾਲੇ ਆਪਣੇ ਵਿਲੱਖਣ ਕਿਰਦਾਰ ਨੂੰ ਦਰਪੇਸ਼ ਚੁਨੌਤੀਆਂ ਦੇ ਮੁਕਾਬਲੇ ਦਾ ਪ੍ਰਗਟਾਵਾ ਕਰੇਗਾ।