ਕਸ਼ਮੀਰ ਵਿਚ ਕੜਾਕੇ ਦੀ ਠੰਢ, ਕਈ ਇਲਾਕਿਆਂ ’ਚ ਤਾਪਮਾਨ ਸਿਫ਼ਰ ਤੋਂ ਹੇਠਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਈ ਮਾਰਗਾਂ ’ਤੇ ਬਰਫ਼ ਦੀ ਮੋਟੀ ਪਰਤ ਪੈ ਜਾਣ ਕਾਰਨ ਆਵਾਜਾਈ ਪ੍ਰਭਾਵਿਤ

snowfall

ਸ਼੍ਰੀਨਗਰ : ਕਸ਼ਮੀਰ ਘਾਟੀ ਵਿਚ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਕਈ ਇਲਾਕਿਆਂ ਵਿਚ ਤਾਪਮਾਨ ਸਿਫ਼ਰ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਘਾਟੀ ਵਿਚ ਡਲ ਝੀਲ ਸਮੇਤ ਕਈ ਤਲਾਬ ਜੰਮ ਗਏ ਹਨ। ਸ਼੍ਰੀਨਗਰ ’ਚ ਕਈ ਮਾਰਗਾਂ ’ਤੇ ਬਰਫ਼ ਦੀ ਮੋਟੀ ਪਰਤ ਵਿਛੀ ਹੋਈ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।

ਕਸ਼ਮੀਰ ਘਾਟੀ ਦੇ ਕਈ ਹਿੱਸਿਆਂ ਦਾ ਵੀ ਅਜਿਹਾ ਹੀ ਹਾਲ ਹੈ। ਅਧਿਕਾਰੀ ਨੇ ਦਸਿਆ ਕਿ ਕਾਜੀਗੁੰਡ ’ਚ ਤਾਪਮਾਨ ਸਿਫ਼ਰ ਤੋਂ 8.6 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਇਹ ਕੇਂਦਰ ਸ਼ਾਸ਼ਤ ਪ੍ਰਦੇਸ਼ ਦਾ ਸੱਭ ਤੋਂ ਠੰਢਾ ਸਥਾਨ ਰਿਹਾ। ਅਧਿਕਾਰੀ ਨੇ ਦਸਿਆ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਕੱਲ ਰਾਤ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ 6.2 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।

ਦਖਣੀ ਕਸ਼ਮੀਰ ਦੇ ਸੈਰ-ਸਪਾਟਾ ਸਥਾਨ ਪਹਿਲਗਾਮ ਵਿਚ ਤਾਪਮਾਨ ਸਿਫ਼ਰ ਤੋਂ 8.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਉੱਥੇ ਹੀ ਕੁਪਵਾੜਾ ’ਚ ਤਾਪਮਾਨ ਸਿਫ਼ਰ ਤੋਂ 5.7 ਡਿਗਰੀ ਸੈਲਸੀਅਸ ਅਤੇ ਕੋਕਰਨਾਗ ’ਚ ਸਿਫ਼ਰ ਤੋਂ 7.4 ਸੈਲਸੀਅਸ ਹੇਠਾਂ ਦਰਜ ਹੋਇਆ। ਕਸ਼ਮੀਰ ਵਿਚ ਅਜੇ ਚਿੱਲਈ-ਕਲਾਂ ਦੀ ਲਪੇਟ ਵਿਚ ਹੈ।

ਇਹ 40 ਦਿਨ ਦਾ ਸਮਾਂ ਹੈ, ਜਿਸ ਵਿਚ ਕੜਾਕੇ ਦੀ ਠੰਡ ਪੈਂਦੀ ਹੈ ਅਤੇ ਘਾਟੀ ਸੀਤ ਲਹਿਰ ਦੀ ਲਪੇਟ ’ਚ ਹੁੰਦੀ ਹੈ ਅਤੇ ਤਾਪਮਾਨ ਸਿਫ਼ਰ ਤੋਂ ਕਈ ਡਿਗਰੀ ਸੈਲਸੀਅਸ ਹੇਠਾਂ ਚੱਲਾ ਜਾਂਦਾ ਹੈ। ਅਜਿਹੀ ਸਥਿਤੀ ’ਚ ਇਥੇ ਤਲਾਬਾਂ ਅਤੇ ਪਾਣੀ ਦੀਆਂ ਪਾਈਪਾਂ ਵਿਚ ਪਾਣੀ ਜੰਮਣ ਲਗਦਾ ਹੈ। ਚਿੱਲਈ-ਕਲਾਂ 31 ਜਨਵਰੀ ਨੂੰ ਖ਼ਤਮ ਹੋਵੇਗੀ।