140 ਸਾਲਾਂ ਦੇ ਰਿਕਾਰਡ ਨੂੰ Online ਕਰੇਗੀ PU, ਲੱਖਾਂ ਫਾਈਲਾਂ ਕੀਤੀਆਂ ਜਾਣਗੀਆਂ ਡਿਜੀਟਲ

ਏਜੰਸੀ

ਖ਼ਬਰਾਂ, ਰਾਸ਼ਟਰੀ

PU ਨਾਲ ਜੁੜੀਆਂ ਸ਼ਖ਼ਸੀਅਤਾਂ, ਪੁਰਾਣੇ ਅਧਿਕਾਰੀਆਂ, ਕਿਤਾਬਾਂ, ਕੈਲੰਡਰਾਂ, ਸਕੈੱਚ ਆਦਿ ਦਾ ਰਿਕਾਰਡ ਵੀ ਕੀਤਾ ਜਾਵੇਗਾ ਡਿਜੀਟਲ

Panjab University


ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ 140 ਸਾਲਾਂ ਦੇ ਰਿਕਾਰਡ ਨੂੰ ਆਨਲਾਈਨ ਕਰੇਗੀ। ਇਹ ਰਿਕਾਰਡ ਲਗਾਤਾਰ ਧੁੰਦਲਾ ਹੁੰਦਾ ਜਾ ਰਿਹਾ ਹੈ। ਕਈਆਂ ਦੇ ਪੰਨੇ ਫੱਟ ਰਹੇ ਹਨ ਤੇ ਕਈਆਂ ਦੇ ਪੀਲੇ ਪੈ ਗਏ ਹਨ। ਇਸ ਰਿਕਾਰਡ ਨੂੰ ਸੁਰੱਖਿਅਤ ਕਰਨ ਲਈ ਇਹ ਕਦਮ ਚੁੱਕੇ ਜਾ ਰਹੇ ਹਨ, ਇਸ ਲਈ ਪੂਰਾ ਡੇਟਾ ਆਨਲਾਈਨ ਫਾਰਮੈਟ ਵਿਚ ਰੱਖਿਆ ਜਾਵੇਗਾ। ਪੰਜਾਬ ਯੂਨੀਵਰਸਿਟੀ ਦੀ ਸ਼ੁਰੂਆਤ ਲਾਹੌਰ ਤੋਂ 1882 ਵਿਚ ਹੋਈ ਸੀ। ਉਸ ਤੋਂ ਬਾਅਦ 1956 ਵਿਚ ਚੰਡੀਗੜ੍ਹ ਕੈਂਪਸ ਸ਼ੁਰੂ ਕੀਤਾ ਗਿਆ।

Panjab University, Chandigarh

ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦਾ ਰਿਕਾਰਡ ਪੀਯੂ ਕੋਲ ਹੈ। ਪੁਰਾਣੇ ਰਿਕਾਰਡ ਹੋਣ ਕਾਰਨ ਉਸ ਦੀ ਹਾਲਤ ਠੀਕ ਨਹੀਂ ਹੈ। ਅਲਮਾਰੀਆਂ ਵਿਚ ਰੱਖੇ ਰਿਕਾਰਡ ਪੀਲੇ ਪੈ ਰਹੇ ਹਨ। ਇਸ ਰਿਕਾਰਡ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ, ਪੀਯੂ ਇਸ ਨੂੰ ਡਿਜੀਟਾਈਜ਼ ਕਰਨਾ ਚਾਹੁੰਦੀ ਹੈ। ਇਸ ਦੀ ਯੋਜਨਾ ਪੰਜ ਸਾਲ ਪਹਿਲਾਂ ਬਣੀ ਸੀ ਪਰ ਇਸ 'ਤੇ ਸਹੀ ਕੰਮ ਨਹੀਂ ਹੋ ਸਕਿਆ। ਹੁਣ ਇਸ ਲਈ ਏਜੰਸੀ ਦੀ ਚੋਣ ਕੀਤੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਡਿਗਰੀਆਂ ਆਨਲਾਈਨ ਕਰਨ ਵਾਲੀ ਏਜੰਸੀ ਨੂੰ ਰਿਕਾਰਡ ਆਨਲਾਈਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਲੱਖਾਂ ਫਾਈਲਾਂ ਅਪਲੋਡ ਕੀਤੀਆਂ ਜਾਣਗੀਆਂ। ਇਸ ਦੇ ਲਈ ਸਮਾਂ ਵੀ ਲੱਗੇਗਾ।

Online Record

ਮਾਹਿਰਾਂ ਦਾ ਕਹਿਣਾ ਹੈ ਕਿ ਦੋ ਸਾਲਾਂ ਵਿਚ ਇਹ ਸਾਰਾ ਰਿਕਾਰਡ ਆਨਲਾਈਨ ਹੋ ਸਕਦਾ ਹੈ। ਇਸ ਦੇ ਲਈ ਪੀਯੂ ਨੂੰ ਲੱਖਾਂ ਰੁਪਏ ਖਰਚ ਕਰਨੇ ਪੈਣਗੇ ਪਰ ਰਿਕਾਰਡ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ। ਇੱਕ ਕਲਿੱਕ 'ਤੇ ਲੋੜੀਂਦੇ ਸਾਲ ਦਾ ਰਿਕਾਰਡ ਅਧਿਕਾਰੀ ਦੇਖ ਸਕਣਗੇ ਅਤੇ ਵਿਦਿਆਰਥੀ ਵੀ ਇਸ ਦਾ ਲਾਭ ਲੈ ਸਕਣਗੇ। ਇਸ ਦੇ ਤਹਿਤ ਪੀਯੂ ਨਾਲ ਜੁੜੀਆਂ ਸ਼ਖ਼ਸੀਅਤਾਂ, ਪੁਰਾਣੇ ਅਧਿਕਾਰੀਆਂ,  ਕਿਤਾਬਾਂ, ਕੈਲੰਡਰ, ਸਕੈੱਚ ਆਦਿ ਦੇ ਰਿਕਾਰਡ ਨੂੰ ਵੀ ਡਿਜੀਟਲ ਕਰਨਾ ਹੋਵੇਗਾ। ਇਸ ਕੰਮ ਵਿਚ ਏਜੰਸੀ ਨੂੰ ਛੇ ਮਹੀਨੇ ਤੋਂ ਵੱਧ ਦਾ ਸਮਾਂ ਵੀ ਲੱਗ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੀਯੂ ਦੀ ਪ੍ਰੀਖਿਆ ਤੋਂ ਬਾਅਦ ਏਜੰਸੀ ਦੀ ਚੋਣ ਕੀਤੀ ਜਾ ਸਕਦੀ ਹੈ। ਇਕਰਾਰਨਾਮਾ ਹੋਣ ਤੋਂ ਬਾਅਦ ਹੀ ਇਹ ਕੰਮ ਅੱਗੇ ਵਧਾਇਆ ਜਾਵੇਗਾ।

Panjab University

ਪੰਜਾਬ ਯੂਨੀਵਰਸਿਟੀ ਨੇ ਤਿੰਨ ਸਾਲ ਪਹਿਲਾਂ ਡਿਗਰੀਆਂ ਆਨਲਾਈਨ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਸ਼ੁਰੂਆਤੀ ਪੜਾਅ ਵਿਚ ਪੀਐਚਡੀ ਦੀਆਂ ਡਿਗਰੀਆਂ ਆਨਲਾਈਨ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ 15 ਹਜ਼ਾਰ ਤੋਂ ਵੱਧ ਮਾਸਟਰਜ਼ ਵਿਦਿਆਰਥੀਆਂ ਦੀਆਂ ਡਿਗਰੀਆਂ ਆਨਲਾਈਨ ਕੀਤੀਆਂ ਗਈਆਂ। ਫਿਲਹਾਲ ਇਹਨਾਂ ਡਿਗਰੀਆਂ ਦਾ ਆਨਲਾਈਨ ਕੰਮ ਬੰਦ ਹੈ ਕਿਉਂਕਿ ਪੀਯੂ ਸਮੈਸਟਰ ਦੀ ਪ੍ਰੀਖਿਆ ਵਿਚ ਰੁੱਝੀਆ ਹੋਈ ਹੈ। ਪ੍ਰੀਖਿਆਵਾਂ ਤੋਂ ਬਾਅਦ ਇਸ 'ਤੇ ਕੰਮ ਦੁਬਾਰਾ ਸ਼ੁਰੂ ਹੋ ਜਾਵੇਗਾ। ਪੀਯੂ ਦਾ ਕਹਿਣਾ ਹੈ ਕਿ ਪਹਿਲੇ ਪੜਾਅ ਵਿਚ ਸਾਰੀਆਂ ਮਾਸਟਰ ਡਿਗਰੀਆਂ ਆਨਲਾਈਨ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ ਅੰਡਰ ਗਰੈਜੂਏਟ ਵਿਦਿਆਰਥੀਆਂ ਦੀਆਂ ਡਿਗਰੀਆਂ ਲਈਆਂ ਜਾਣਗੀਆਂ। ਇਸ ਕੰਮ ਵਿਚ ਥੋੜ੍ਹਾ ਸਮਾਂ ਲੱਗੇਗਾ ਪਰ ਬਾਅਦ ਵਿਚ ਸਭ ਕੁਝ ਆਸਾਨ ਹੋ ਜਾਵੇਗਾ।