ਸਿੱਖ ਨੌਜਵਾਨ ਨੇ ਬਰਫ਼ੀਲੇ ਪਾਣੀ ’ਚ ਛਾਲ ਮਾਰ ਕੇ ਬਚਾਈ ਬੱਚੀ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਹੀਂ ਕੀਤੀ ਆਪਣੀ ਜਾਨ ਦੀ ਪਰਵਾਹ

 Simranpal Singh 

 

ਸ੍ਰੀਨਗਰ: ਦੁਨੀਆਂ 'ਚ ਜਿੱਥੇ ਵੀ ਸਿੱਖ ਵੱਸਦੇ ਹਨ, ਉੱਥੇ ਜਦੋਂ ਵੀ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਹੈ ਤਾਂ ਸਿੱਖ ਹਮੇਸ਼ਾ ਮਦਦ ਲਈ ਸਭ ਤੋਂ ਅੱਗੇ ਆਉਂਦੇ ਹਨ। ਅਜਿਹੀ ਹੀ ਮਿਸਾਲ ਸਿੱਖ ਨੌਜਵਾਨ ਨੇ ਸ੍ਰੀਨਗਰ 'ਚ ਪੇਸ਼ ਕੀਤੀ।

ਦਰਅਸਲ  ਸ੍ਰੀਨਗਰ ਦੇ ਬੇਮਿਨਾ ਇਲਾਕੇ ’ਚ ਹਮਦਾਨੀਆ ਕਾਲੋਨੀ ’ਚ ਇਕ ਪੰਜ ਸਾਲਾ ਬੱਚੀ ਨਹਿਰ ਦੇ ਕਿਨਾਰੇ ’ਤੇ ਜੰਮੀ ਬਰਫ਼ ਦੀ ਮੋਟੀ ਪਰਤ ’ਤੇ ਪੈਦਲ ਚੱਲ ਰਹੀ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ ਤੇ ਉਹ ਨਹਿਰ ’ਚ ਜਾ ਡਿੱਗੀ। ਨਹਿਰ ’ਚ ਪਾਣੀ ਬਰਫ਼ੀਲਾ ਸੀ।

 

ਉਹ ਮਦਦ ਲਈ ਚੀਕਣ ਲੱਗੀ। ਨੇੜੇ ਆਪਣੇ ਘਰ ਦੀ ਖਿੜਕੀ ’ਚ ਖੜ੍ਹੇ ਸਿੱਖ ਨੌਜਵਾਨ ਸਿਮਰਨ ਪਾਲ ਸਿੰਘ ਦੀ ਨਜ਼ਰ ਬੱਚੀ ’ਤੇ ਪਈ ਤੇ ਅਗਲੇ ਹੀ ਪਲ ਉਹ ਜਾਨ ਦੀ ਪਰਵਾਹ ਕੀਤੇ ਬਗ਼ੈਰ ਬਰਫ਼ੀਲੇ ਤੇ ਡੂੰਘੇ ਪਾਣੀ ’ਚ ਉਤਰ ਗਿਆ। ਉਦੋਂ ਤੱਕ ਕੁਝ ਹੋਰ ਲੋਕ  ਵੀ ਮਦਦ ਲਈ ਅੱਗੇ ਆਏ ਤੇ ਬੱਚੀ ਨੂੰ ਬਾਹਰ ਕੱਢ ਲਿਆ। ਸਿੱਖ ਨੌਜਵਾਨ ਸਿਮਰਨ ਪਾਲ ਦੀ ਬਹਾਦਰੀ ਤੇ ਸਮਝ ਦੀ ਲੋਕ ਸ਼ਲਾਘਾ ਕਰ ਰਹੇ ਹਨ। 

ਗੱਲਬਾਤ ਕਰਦਿਆਂ ਸਿੱਖ ਨੌਜਵਾਨ ਨੇ ਕਿਹਾ ਕਿ ਮੈਂ ਸਿੱਖ ਹਾਂ ਤੇ ਗੁਰੂਆਂ ਨੇ ਸਾਨੂੰ ਸਰਬਤ ਦੇ ਭਲੇ ਦੀ ਸਿੱਖਿਆ ਦਿੱਤੀ ਹੈ, ਭਾਵੇਂ ਇਸ ’ਚ ਸਾਡੀ ਜਾਨ ਹੀ ਕਿਉਂ ਨਾਲ ਚਲੀ ਜਾਵੇ। ਬੱਚੀ ਨੂੰ ਬਚਾਉਣ ਦੌਰਾਨ ਆਪਣੀ ਗਰਦਨ ’ਚ ਲੱਗੀ ਸੱਟ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਇਹ ਕੁਝ ਨਹੀਂ ਹੈ ਠੀਕ ਹੋ ਜਾਵੇਗੀ। ਜੇਕਰ ਮੈਂ ਆਪਣੀ ਸੱਟ ਦੀ ਫਿਕਰ ਕਰਦਾ ਤਾਂ ਬੱਚੀ ਨੂੰ ਕੌਣ ਬਚਾਉਂਦਾ। ਮੈਂ ਆਪਣੇ ਗੁਰੂ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਹਿੰਮਤ ਦਿੱਤੀ।