ਅਨੁਸੂਚਿਤ ਜਾਤੀਆਂ ਨਾਲ ਸਬੰਧਤ ਭਾਰਤ ਦੇ ਇਕਲੌਤੇ ਚੀਫ ਜਸਟਿਸ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਉਣ ਦੀ ਸਿਫਾਰਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਕਾਲੇਜੀਅਮ ਨੇ ਕਰਨਾਟਕ ਹਾਈ ਕੋਰਟ ਲਈ ਚੀਫ ਜਸਟਿਸ ਪ੍ਰਸੰਨਾ ਬੀ. ਵਰਾਲੇ ਨੂੰ ਸੁਪਰੀਮ ਕੋਰਟ ਦਾ ਜੱਜ ਨਾਮਜ਼ਦ ਕਰਨ ਦੀ ਸਿਫਾਰਸ਼ ਕੀਤੀ

Justice Prasanna B. Varale

ਨਵੀਂ ਦਿੱਲੀ: ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕਾਲਜੀਅਮ ਨੇ ਸ਼ੁਕਰਵਾਰ ਨੂੰ ਕਰਨਾਟਕ ਹਾਈ ਕੋਰਟ ਦੇ ਚੀਫ ਜਸਟਿਸ ਪ੍ਰਸੰਨਾ ਬੀ. ਵਰਾਲੇ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ। 

ਕਾਲੇਜੀਅਮ ’ਚ ਜਸਟਿਸ ਸੰਜੀਵ ਖੰਨਾ, ਜਸਟਿਸ ਬੀ.ਆਰ. ਗਵਈ, ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਅਨਿਰੁਧ ਬੋਸ ਵੀ ਮੌਜੂਦ ਸਨ।  ਸ਼ੁਕਰਵਾਰ  ਨੂੰ ਹੋਈ ਬੈਠਕ ’ਚ ਕਾਲਜੀਅਮ ਨੇ ਇਸ ਤੱਥ ’ਤੇ  ਵਿਚਾਰ ਕੀਤਾ ਕਿ ਉਹ ਹਾਈ ਕੋਰਟ ਦੇ ਸੱਭ ਤੋਂ ਸੀਨੀਅਰ ਜੱਜਾਂ ’ਚੋਂ ਇਕ ਹਨ ਅਤੇ ਹਾਈ ਕੋਰਟ ਦੇ ਇਕਲੌਤੇ ਚੀਫ ਜਸਟਿਸ ਹਨ, ਜੋ ਅਨੁਸੂਚਿਤ ਜਾਤੀ ਤੋਂ ਆਉਂਦੇ ਹਨ।  

ਬੈਂਚ ਨੇ ਕਿਹਾ, ‘‘ਅਸੀਂ ਇਸ ਤੱਥ ਤੋਂ ਵੀ ਜਾਣੂ ਹਾਂ ਕਿ ਇਸ ਸਮੇਂ ਸੁਪਰੀਮ ਕੋਰਟ ਦੇ ਬੈਂਚ ’ਚ ਬੰਬਈ ਹਾਈ ਕੋਰਟ ਦੇ ਤਿੰਨ ਜੱਜ ਹਨ। ਇਸ ਲਈ ਕਾਲੇਜੀਅਮ ਸਰਬਸੰਮਤੀ ਨਾਲ ਇਹ ਸਿਫਾਰਸ਼ ਕਰਨ ਦਾ ਫੈਸਲਾ ਕਰਦਾ ਹੈ ਕਿ ਜਸਟਿਸ ਪ੍ਰਸੰਨਾ ਬੀ. ਵਰਾਲੇ ਨੂੰ ਭਾਰਤ ਦੀ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਜਾਵੇ।’’

ਕਾਲੇਜੀਅਮ ਨੇ 25 ਦਸੰਬਰ 2023 ਨੂੰ ਜਸਟਿਸ ਸੰਜੇ ਕਿਸ਼ਨ ਕੌਲ ਦੀ ਸੇਵਾਮੁਕਤੀ ਤੋਂ ਬਾਅਦ ਖਾਲੀ ਪਈਆਂ ਅਸਾਮੀਆਂ ਦਾ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਇਸ ਤੱਥ ਨੂੰ ਧਿਆਨ ਵਿਚ ਰਖਦੇ ਹੋਏ ਕਿ ਜੱਜਾਂ ਦਾ ਕੰਮ ਦਾ ਬੋਝ ਕਾਫ਼ੀ ਵਧ ਗਿਆ ਹੈ, ਇਹ ਯਕੀਨੀ ਬਣਾਉਣਾ ਜ਼ਰੂਰੀ ਹੋ ਗਿਆ ਹੈ ਕਿ ਅਦਾਲਤ ਵਿਚ ਹਰ ਸਮੇਂ ਜੱਜਾਂ ਦੀ ਪੂਰੀ ਸਮਰੱਥਾ ਹੋਵੇ। ਇਸ ਲਈ, ਕਾਲੇਜੀਅਮ ਨੇ ਇਕ  ਨਾਮ ਦੀ ਸਿਫਾਰਸ਼ ਕਰ ਕੇ  ਸਿਰਫ ਮੌਜੂਦਾ ਖਾਲੀ ਅਸਾਮੀਆਂ ਨੂੰ ਭਰਨ ਦਾ ਫੈਸਲਾ ਕੀਤਾ ਹੈ।