ਜੈਸ਼ੰਕਰ ਦਾ ਪੋਲੈਂਡ ਨੂੰ ਸਪੱਸ਼ਟ ਸੰਦੇਸ਼: ਸਾਡੇ ਗੁਆਂਢ ਵਿਚ ਅਤਿਵਾਦ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਵਿਚ ਸਹਾਇਤਾ ਨਾ ਕਰੋ
ਸਿਕੋਰਸਕੀ ਭਾਰਤ ਦੀ ਤਿੰਨ ਦਿਨਾਂ ਦੀ ਯਾਤਰਾ ’ਤੇ ਹਨ
ਨਵੀਂ ਦਿੱਲੀ : ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਪੋਲੈਂਡ ਦੇ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਰਾਦੋਸਵ ਸਿਕੋਰਸਕੀ ਨਾਲ ਮੁਲਾਕਾਤ ਦੌਰਾਨ ਸਖ਼ਤ ਸੁਨੇਹਾ ਦਿਤਾ ਕਿ ਪੋਲੈਂਡ ਨੂੰ ਅਤਿਵਾਦ ਪ੍ਰਤੀ ਬਿਲਕੁਲ ਵੀ ਸਹਿਣਸ਼ੀਲਤਾ ਨਹੀਂ ਵਿਖਾ ਉਣੀ ਚਾਹੀਦੀ ਹੈ ਅਤੇ ਭਾਰਤ ਦੇ ਗੁਆਂਢੀ ਖੇਤਰ ਵਿਚ ਅਤਿਵਾਦੀ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਨਹੀਂ ਕਰਨੀ ਚਾਹੀਦੀ। ਇਹ ਟਿਪਣੀ ਅਕਤੂਬਰ ਵਿਚ ਪੋਲੈਂਡ-ਪਾਕਿਸਤਾਨ ਸਾਂਝੇ ਬਿਆਨ ਵਿਚ ਕਸ਼ਮੀਰ ਦਾ ਜ਼ਿਕਰ ਹੋਣ ਤੋਂ ਬਾਅਦ ਆਈ।
ਸਿਕੋਰਸਕੀ ਭਾਰਤ ਦੀ ਤਿੰਨ ਦਿਨਾਂ ਦੀ ਯਾਤਰਾ ’ਤੇ ਹਨ। ਦੋਹਾਂ ਆਗੂਆਂ ਦੀ ਇਹ ਮੁਲਾਕਾਤ ਯੂਰਪੀ ਯੂਨੀਅਨ ਦੇ ਉੱਚ ਲੀਡਰਸ਼ਿਪ ਦੀ ਭਾਰਤ ਯਾਤਰਾ ਤੋਂ ਥੋੜ੍ਹੇ ਦਿਨ ਪਹਿਲਾਂ ਹੋਈ ਹੈ। ਜੈਸ਼ੰਕਰ ਨੇ ਯੂਕਰੇਨ ਸੰਘਰਸ਼ ਉਤੇ ਭਾਰਤ ਨੂੰ ‘‘ਅਨਿਆਇਕ ਅਤੇ ਚੁਣਿੰਦਾ ਨਿਸ਼ਾਨਾ ਬਣਾਉਣ‘‘ ਉਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ। ਸਿਕੋਰਸਕੀ ਨੇ ਇਸ ਗੱਲ ਨਾਲ ਪੂਰੀ ਸਹਿਮਤੀ ਜਤਾਈ। ਦੋਵੇਂ ਨੇ ਵਪਾਰ, ਰੱਖਿਆ, ਸੁਰੱਖਿਆ, ਸਾਫ਼ ਤਕਨਾਲੋਜੀ ਅਤੇ ਡਿਜ਼ਿਟਲ ਨਵੀਨਤਾ ਵਿਚ ਸਹਿਯੋਗ ਵਧਾਉਣ ਉਤੇ ਵਿਚਾਰ ਕੀਤਾ।
ਜੈਸ਼ੰਕਰ ਨੇ ਯਾਦ ਕਰਵਾਇਆ ਕਿ 2024 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੋਲੈਂਡ ਯਾਤਰਾ ਨਾਲ ਦੋਵੇਂ ਦੇਸ਼ਾਂ ਦੇ ਸੰਬੰਧ ਰਣਨੀਤਿਕ ਭਾਗੀਦਾਰੀ ਦੇ ਪੱਧਰ ਉਤੇ ਪਹੁੰਚੇ। ਉਨ੍ਹਾਂ ਨੇ ‘ਡੋਬਰੀ ਮਹਾਰਾਜਾ’ ਦੀ ਯਾਦ ਵੀ ਤਾਜ਼ਾ ਕੀਤੀ, ਜਿਨ੍ਹਾਂ ਨੇ ਦੂਜੇ ਵਿਸ਼ਵ ਜੰਗ ਦੌਰਾਨ ਸੈਂਕੜੇ ਪੋਲਿਸ਼ ਬੱਚਿਆਂ ਨੂੰ ਸ਼ਰਨ ਦਿਤੀ ਸੀ।