ਜੰਮੂ-ਕਸ਼ਮੀਰ : ਅਤਿਵਾਦੀਆਂ ਵਿਰੁਧ ਮੁਹਿੰਮ ’ਚ ਜ਼ਖ਼ਮੀ ਪੈਰਾਟਰੂਪਰ ਦੀ ਮੌਤ
ਕਿਸ਼ਤਵਾੜ ’ਚ ਤਲਾਸ਼ੀ ਮੁਹਿੰਮ ਜਾਰੀ
ਜੰਮੂ, : ਕਿਸ਼ਤਵਾੜ ਜ਼ਿਲ੍ਹੇ ਦੇ ਉਪਰਲੇ ਇਲਾਕਿਆਂ ’ਚ ਲੁਕੇ ਅਤਿਵਾਦੀਆਂ ਨੂੰ ਫੜਨ ਲਈ ਸ਼ੁਰੂ ਕੀਤੀ ਵਿਆਪਕ ਤਲਾਸ਼ੀ ਮੁਹਿੰਮ ਸੋਮਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ ਅਤੇ ਇਸ ਵਿਚਕਾਰ ਅਤਿਵਾਦੀਆਂ ਨਾਲ ਮੁਕਾਬਲੇ ’ਚ ਗੰਭੀਰ ਜ਼ਖ਼ਮੀ ਹੋਏ ਇਕ ਪੈਰਾਟਰੂਪਰ ਨੇ ਦਮ ਤੋੜ ਦਿਤਾ। ਅਧਿਕਾਰੀਆਂ ਨੇ ਦਸਿਆ ਕਿ ਮਿੰਦਰਾਲ-ਸਿੰਘਪੁਰਾ ਕੋਲ ਸੋਨਾਰ ਪਿੰਡ ’ਚ ਐਤਵਾਰ ਨੂੰ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਇਸ ਦੌਰਾਨ ਉਥੇ ਲੁਕੇ ਅਤਿਵਾਦੀਆਂ ਦੀ ਗੋਲੀਬਾਰੀ ’ਚ ਅੱਠ ਫ਼ੌਜੀ ਜ਼ਖ਼ਮੀ ਹੋ ਗਏ ਸਨ।
ਅਧਿਕਾਰੀਆਂ ਨੇ ਕਿਹਾ ਕਿ ਵੱਡੀ ਗਿਣਤੀ ’ਚ ਦਰਖ਼ਤ ਹੋਣ ਅਤੇ ਢਲਾਨਾਂ ਵਾਲੇ ਉੱਚੇ-ਨੀਵੇਂ ਇਲਾਕੇ ’ਚ ਦਿਸਣ ਹੱਦ ਅਤੇ ਆਉਣ-ਜਾਣ ਸੀਮਤ ਹੋਣ ਕਾਰਨ ਐਤਵਾਰ ਦੇਰ ਰਾਤ ਮੁਹਿੰਮ ਰੋਕ ਦਿਤੀ ਗਈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਫ਼ੌਜੀਆਂ ’ਚੋਂ ਇਕ, ਹੌਲਦਾਰ ਗਜੇਂਦਰ ਸਿੰਘ ਨੇ 19 ਅਤੇ 19 ਜਨਵਰੀ ਦੀ ਦਰਮਿਆਨੀ ਰਾਤ ਨੂੰ ਇਕ ਇਕ ਫ਼ੌਜੀ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿਤਾ।
ਫ਼ੌਜ ਨ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਵਾਈਟ ਨਾਈਟ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ ਅਤੇ ਸਾਰੇ ਰੈਂਕ ਵਿਸ਼ੇਸ਼ ਬਲਾਂ ਦੇ ਹਵਲਦਾਰ ਗਜੇਂਦਰ ਸਿੰਘ ਨੂੰ ਭਾਵੁਕ ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਨ੍ਹਾਂ ਨੇ ਜਾਰੀ ਮੁਹਿੰਮ ਤਰਾਫ਼ੀ-1 ਦੌਰਾਨ ਸਿੰਘਪੁਰਾ ਇਲਾਕੇ ’ਚ ਅਤਿਵਾਦ ਰੋਧੀ ਮੁਹਿੰਮ ਨੂੰ ਬਹਾਦਰੀ ਨਾਲ ਅੰਜਾਮ ਦਿੰਦਿਆਂ ਸਰਬਉੱਚ ਕੁਰਬਾਨੀ ਦਿਤੀ।’’
ਫ਼ੌਜ ਨੇ ਕਿਹਾ, ‘‘ਅਸੀਂ ਉਨ੍ਹਾਂ ਦੀ ਅਦੁੱਤੀ ਹਿੰਮਤ, ਬਹਾਦਰੀ ਅਤੇ ਫ਼ਰਜ਼ੀ ਪ੍ਰਤੀ ਨਿਰਸਵਾਰਥ ਸਮਰਪਣ ਦਾ ਮਾਣ ਕਰਦੇ ਹਾਂ ਅਤੇ ਇਸ ਡੂੰਘੇ ਦੁੱਖ ਦੀ ਘੜੀ ’ਚ ਸੋਗ ‘ਚ ਡੁੱਬੇ ਪਰਵਾਰ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ।’‘
ਅਧਿਕਾਰੀਆਂ ਨੇ ਕਿਹਾ ਕਿ ਫ਼ੌਜ, ਪੁਲਿਸ ਅਤੇ ਨੀਮਫ਼ੌਜੀ ਬਲਾਂ ਦੀਆਂ ਕਈ ਟੀਮਾਂ ਡਰੋਨ ਅਤੇ ਖੋਜੀ ਕੁੱਤਿਆਂ ਨਾਲ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ ਅਤੇ ਨਾਲ ਹੀ ਸਖ਼ਤ ਸੁਰੱਖਿਆ ਘੇਰਾਬੰਦੀ ਕੀਤੀ ਹੋਈ ਹੈ ਤਾਕਿ ਅਤਿਵਾਦੀ ਭੱਜ ਨਾ ਸਕਣ।’’ ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਦੀ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ (ਜੇ.ਈ.ਐਮ.) ਦੇ ਦੋ ਤੋਂ ਤਿੰਨ ਅਤਿਵਾਦੀ ਇਲਾਕੇ ’ਚ ਲੁਕੇ ਹੋੲ ਸਕਦੇ ਹਨ।