ਮਨੀਪੁਰ ਹਿੰਸਾ ’ਚ ਸਮੂਹਕ ਜਬਰ ਜਨਾਹ ਦੀ ਪੀੜਿਤਾ ਦੀ ਦੋ ਸਾਲ ਬਾਅਦ ਮੌਤ, ਨਿਆਂ ਦੀ ਮੰਗ ਉੱਠੀ
ਔਰਤ ਨੂੰ ਮਈ 2023 ’ਚ ਇੰਫ਼ਾਲ ’ਚ ਅਗਵਾ ਕਰ ਕੇ ਸਮੂਹਕ ਜਬਰ ਜਨਾਹ ਕੀਤਾ ਗਿਆ ਸੀ
ਚੁਰਾਚਾਂਦਪੁਰ : ਮਨੀਪੁਰ ’ਚ ਉਸ ਕੁਕੀ ਔਰਤ ਦੀ ਪਿੱਛੇ ਜਿਹੇ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਜਿਸ ਨਾਲ ਸੂਬੇ ’ਚ ਜਾਤ ਅਧਾਰਤ ਹਿੰਸਾ ਦੌਰਾਨ ਮਈ 2023 ’ਚ ਸਮੂਹਕ ਜਬਰ ਜਨਾਹ ਹੋਇਆ ਸੀ। ਸਮੂਹਕ ਜਬਰ ਜਨਾਹ ਤੋਂ ਬਾਅਦ ਦੇ ਸਦਮੇ ਨਾਲ ਕਥਿਤ ਤੌਰ ’ਤੇ ਜੁੜੀ ਬਿਮਾਰੀ ਨਾਲ ਪੀੜਤਾ ਦੀ ਮੌਤ ਤੋਂ ਬਾਅਦ ਕਈ ਕੁਕੀ ਸੰਗਠਨਾਂ ਨੇ ਉਸ ਲਈ ਨਿਆਂ ਦੀ ਮੰਗ ਕੀਤੀ।
ਦਿੱਲੀ ਅਤੇ ਮਨੀਪੁਰ ਦੇ ਚੁਰਾਚਾਂਦਪੁਰ ਦੇ ਕੁਕੀ ਸੰਗਠਨਾਂ ਨੇ ਦਾਅਵਾ ਕੀਤਾ ਕਿ ਉਸ ਔਰਤ ਨੂੰ ਮਈ 2023 ’ਚ ਇੰਫ਼ਾਲ ’ਚ ਅਗਵਾ ਕਰ ਕੇ ਸਮੂਹਕ ਜਬਰ ਜਨਾਹ ਕੀਤਾ ਗਿਆ ਸੀ। ਹਾਲਾਂਕਿ, ਉਹ ਅਗਵਾਕਰਤਾਵਾਂ ਦੇ ਕਬਜ਼ੇ ’ਚੋਂ ਬਚ ਕੇ ਨਿਕਲਣ ’ਚ ਕਾਮਯਾਬ ਰਹੀ, ਪਰ ਸਦਮੇ ਅਤੇ ਸੱਟ ਤੋਂ ਪੂਰੀ ਤਰ੍ਹਾਂ ਬਾਹਰ ਨਾ ਨਿਕਲ ਸਕੀ ਅਤੇ ਗੁਵਾਹਾਟੀ ’ਚ ਇਲਾਜ ਦੌਰਾਨ 10 ਜਨਵਰੀ ਨੂੰ ਉਸ ਦੀ ਮੌਤ ਹੋ ਗਈ।ਇਨ੍ਹਾਂ ਸੰਗਠਨਾਂ ਨੇ ਦਾਅਵਾ ਕੀਤਾ ਕਿ ਉਸ ਦਾ ਮੈਇਤੀ ਲੋਕਾਂ ਨਾਲ ਮਿਲ ਕੇ ਰਹਿਣਾ ਸੰਭਵ ਨਹੀਂ ਹੈ ਅਤੇ ਕੁਕੀ ਲੋਕਾਂ ਲਈ ਇਕ ਵੱਖ ਪ੍ਰਸ਼ਾਸਨ ਦੀ ਮੰਗ ਵੀ ਕੀਤੀ।
ਇੰਫ਼ਾਲ ਵਾਦੀ ’ਚ ਰਹਿਣ ਵਾਲੇ ਮੈਇਤੀ ਲੋਕਾਂ ਅਤੇ ਪਹਾੜੀ ਇਲਾਕਿਆਂ ’ਚ ਰਹਿਣ ਵਾਲੇ ਕੁਕੀ-ਜ਼ੋ ਸਮੂਹਾਂ ਵਿਚਕਾਰ ਮਈ 2023 ’ਚ ਹੋਈ ਜਾਤ ਅਧਾਰਤ ਹਿੰਸਾ ’ਚ ਘੱਟ ਤੋਂ ਘੱਟ 260 ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ। ਸੂਬੇ ’ਚ ਪਿਛਲੇ ਸਾਲ ਫ਼ਰਵਰੀ ਤੋਂ ਰਾਸ਼ਟਰਪਤੀ ਸ਼ਾਸਨ ਲਾਗੂ ਹੈ।
ਕੁਕੀ ਸਮੂਹ, ‘ਇੰਡੀਜੀਨੀਅਸ ਟਰਾਈਬਲ ਲੀਡਰਸ ਫ਼ੋਰਮ’ (ਆਈ.ਟੀ.ਐਲ.ਐਫ਼.) ਨੇ ਇਕ ਬਿਆਨ ’ਚ ਕਿਹਾ, ‘‘ਉਸ ਔਰਤ ਦੀ ਮੌਤ ਕੁਕੀ-ਜ਼ੋ ਸਮੂਹ ਨੂੰ ਜਿਸ ਬੇਰਹਿਮ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਹੈ, ਉਸ ਦਾ ਇਕ ਹੋਰ ਦਰਦਨਾਕ ਸਬੂਤ ਹੈ।’’
ਆਈ.ਟੀ.ਐਲ.ਐਫ਼. ਨੇ ਕਿਹਾ ਕਿ ਕੁਕੀ-ਜ਼ੋ ਲੋਕਾਂ ਕੋਲ ‘ਅਪਣੀ ਸੁਰੱਖਿਆ, ਮਾਣ ਅਤੇ ਹੋਂਦ ਲਈ ਇਕ ਵੱਖ ਪ੍ਰਸ਼ਾਸਨ ਦੀ ਮੰਗ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਹੈ। ‘ਕੁਕੀ ਸਟੂਡੈਂਟਸ ਆਰਗੇਨਾਈਜੇਸ਼ਨ’ (ਕੇ.ਐਸ.ਓ.) ਦਿੱਲੀ ਅਤੇ ਐਨ.ਸੀ.ਆਰ. ਨੇ ਦੋਸ਼ ਲਗਾਇਆ ਕਿ ਅਪਰਾਧ ਦੀ ਗੰਭੀਰਤਾ ਅਤੇ ਨਾਗਰਿਕ ਸਮਾਜ ਸੰਗਠਨਾਂ ਵਲੋਂ ਵਾਰ-ਵਾਰ ਕੀਤੀਆਂ ਅਪੀਲਾਂ ਦੇ ਬਾਵਜੂਦ ਅਪਰਾਧੀਆਂ ਵਿਰੁਧ ਕੋਈ ਸਾਰਥਕ ਕਾਰਵਾਈ ਨਹੀਂ ਕੀਤੀ ਗਈ ਹੈ।ਕੇ.ਐਸ.ਓ. ਦਿੱਲੀ ਅਤੇ ਐਨ.ਸੀ.ਆਰ. ਨੇ ਕਿਹ, ‘‘ਅਸੀਂ ਸਪੱਸ਼ਟ ਰੂਪ ’ਚ ਇਹ ਕਹਿਣਾ ਚਾਹੁੰਦੇ ਹਾਂ ਕਿ ਉਸ ਦੀ ਮੌਤ ਨੂੰ ਅਧਿਕਾਰਕ ਤੌਰ ’ਤੇ 2023 ਵਿਚ ਉਸ ਵਿਰੁਧ ਹੋਈ ਹਿੰਸਾ ਦਾ ਨਤੀਜਾ ਮੰਨਿਆ ਜਾਣਾ ਚਾਹੀਦਾ ਹੈ। ਇਸ ਨੂੰ ਕੁੱਝ ਹੋਰ ਮੰਨਣ ਦੀ ਕੋਈ ਵੀ ਕੋਸ਼ਿਸ਼ ਨਿਆਂ ਤੋਂ ਇਨਕਾਰ ਅਤੇ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਵਰਗਾ ਹੋਵੇਗਾ।’’
ਕੁਕੀ ਜਨਜਾਤੀ ਦੀਆਂ ਔਰਤਾਂ ਦੇ ਇਕ ਸਮੂਹ ਨੇ ਕਿਹਾ ਕਿ ਪੀੜਤਾ ਨੂੰ ਨਾ ਸਿਰਫ਼ ਉਸ ਨਾਲ ਹੋਏ ਅਨਿਆਂ ਲਈ ਯਾਦ ਕੀਤਾ ਜਾਵੇਗਾ, ਬਲਕਿ ਨਾ ਸੋਚੀ ਜਾ ਸਕਣ ਵਾਲੀ ਬੇਰਹਿਮੀ ਦੇ ਸਾਹਮਣੇ ਉਸ ਦੀ ਹਿੰਮਤ ਲਈ ਵੀ ਯਾਦ ਕੀਤਾ ਜਾਵੇਗਾ।ਕੁਕੀ-ਜ਼ੋ ਵੂਮੈਨ ਫ਼ੋਰਮ, ਦਿੱਲੀ ਅਤੇ ਐਨ.ਸੀ.ਆਰ. ਨੇ ਇਕ ਬਿਆਨ ’ਚ ਕਿਹਾ, ‘‘ਲਗਭਗ ਤਿੰਨ ਸਾਲ ਤਕ, ਉਹ ਅਜਿਹਾ ਦਰਦ ਸਹਿ ਰਹੀ ਸੀ ਜੋ ਕਿਸੇ ਵੀ ਇਨਸਾਨ ਨੂੰ ਕਦੇ ਨਹੀਂ ਸਹਿਣਾ ਚਾਹੀਦਾ।