ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਅਤੇ ਪੰਜ ਵਾਰ ਵਿਧਾਇਕ ਰਹੇ ਨਿਤਿਨ ਨਬੀਨ ਨੂੰ ਸਰਬ ਸੰਮਤੀ ਨਾਲ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਚੁਣਿਆ ਗਿਆ ਹੈ। ਭਲਕੇ ਮੰਗਲਵਾਰ ਨੂੰ ਸਵੇਰੇ 11:30 ਵਜੇ ਉਨ੍ਹਾਂ ਦੀ ਨਾਮਜ਼ਦਗੀ ਦਾ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਜਾਵੇਗਾ। ਨਿਤਿਨ ਨਬੀਨ ਲਈ 37 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ।
ਪ੍ਰਧਾਨ ਦੇ ਅਹੁਦੇ ਲਈ ਨਿਤਿਨ ਨਬੀਨ ਦੇ ਸਮਰਥਨ ਵਿੱਚ ਨਾਮਜ਼ਦਗੀਆਂ ਦੇ ਕੁੱਲ 37 ਸੈੱਟ ਜਮ੍ਹਾਂ ਕੀਤੇ ਗਏ। ਸਾਰੇ ਨਾਮਜ਼ਦਗੀ ਪੱਤਰਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਹੀ ਪਾਇਆ ਗਿਆ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਲੰਘ ਜਾਣ ਤੋਂ ਬਾਅਦ ਚੋਣ ਅਧਿਕਾਰੀ ਵੱਲੋਂ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਗਿਆ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਲਈ ਸਿਰਫ਼ ਇੱਕ ਉਮੀਦਵਾਰ ਨਿਤਿਨ ਨਬੀਨ ਦਾ ਨਾਂ ਹੀ ਸਾਹਮਣੇ ਆਇਆ ਹੈ।
ਨਬੀਨ ਪਹਿਲੀ ਵਾਰ 2006 ਵਿੱਚ ਵਿਧਾਇਕ ਬਣੇ। ਉਸ ਤੋਂ ਬਾਅਦ ਉਹ ਲਗਾਤਾਰ ਬਾਂਕੀਪੁਰ ਤੋਂ ਚੋਣਾਂ ਜਿੱਤਦੇ ਰਹੇ। ਉਹ 2010, 2015, 2020 ਅਤੇ 2025 ਵਿੱਚ ਲਗਾਤਾਰ ਜਿੱਤੇ। ਉਹ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਅਤੇ ਰਾਸ਼ਟਰੀ ਜਨਰਲ ਸਕੱਤਰ ਦੇ ਅਹੁਦੇ ਵੀ ਸੰਭਾਲ ਚੁੱਕੇ ਹਨ।